India News

ਜਾਖੜ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ, 17 ਨੂੰ ਮੀਟਿੰਗ ਸੱਦੀ

ਚੰਡੀਗੜ੍ਹ
ਸ੍ਰੀ ਸੁਨੀਲ ਜਾਖੜ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਕਿਉਂਕਿ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਦੀ ਹਾਈ–ਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਸੁਨੀਲ ਜਾਖੜ ਨੂੰ ਪਹਿਲਾਂ ਵਾਂਗ ਹੀ ਵਧੀਆ ਤਰੀਕੇ ਸੂਬਾ ਪੱਧਰ ਉੱਤੇ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ।
ਦਰਅਸਲ, ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਨੇ ਅਸਤੀਫ਼ਾ ਦੇ ਦਿੱਤਾ ਸੀ, ਤਦ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਹੀ ਪਾਰਟੀ ਅਹੁਦੇਦਾਰਾਂ ਵੱਲੋਂ ਅਸਤੀਫ਼ਿਆਂ ਦਾ ਜਿਵੇਂ ਢੇਰ ਲੱਗ ਗਿਆ ਸੀ। ਸ੍ਰੀ ਸੁਨੀਲ ਜਾਖੜ ਕਿਉਂਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਬਾਲੀਵੁੱਡ ਅਦਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਤੋਂ ਹਾਰ ਗਏ ਸਨ; ਇਸੇ ਲਈ ਉਨ੍ਹਾਂ ਵੀ ਆਪਣੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ ਉੱਤੇ ਅਸਤੀਫ਼ਾ ਦੇ ਦਿੱਤਾ ਸੀ।
ਕੱਲ੍ਹ ਦਿੱਲੀ ’ਚ ਹੋਈ ਕਾਂਗਰਸ ਪਾਰਟੀ ਦੀ ਦੇਸ਼–ਪੱਧਰੀ ਮੀਟਿੰਗ ਦੌਰਾਨ ਸ੍ਰੀ ਜਾਖੜ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ।
ਉਸ ਤੋਂ ਬਾਅਦ ਅੱਜ ਸ੍ਰੀ ਜਾਖੜ ਨੇ ਪਾਰਟੀ ਦੇ ਸਾਰੇ ਸੂਬਾਈ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਆਉਂਦੀ 17 ਸਤੰਬਰ ਨੂੰ ਸੱਦਣ ਦਾ ਫ਼ੈਸਲਾ ਕੀਤਾ ਹੈ। ਸੰਸਦੀ ਚੋਣਾਂ ਤੋਂ ਬਾਅਦ ਉਸ ਦਿਨ ਪਹਿਲੀ ਵਾਰ ਸ੍ਰੀ ਜਾਖੜ ਦਾ ਕੋਈ ਬਿਆਨ ਆਵੇਗਾ।