India News Punjab News

ਜੇਲ੍ਹ ’ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਡਾਕਟਰਾਂ ਨੇ ਕੀਤੀ ਜਾਂਚ, ਹਾਲਤ ਸਥਿਰ

ਰੋਹਤਕ — ਰੋਹਤਕ ਸਥਿਤ ਪੀ. ਜੀ. ਆਈ. ਐੱਮ. ਐੱਸ. ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਜਾਂਚ ਕੀਤੀ ਅਤੇ ਉਸ ਦੀ ਹਾਲਤ ਨੂੰ ਸਥਿਰ ਦੱਸਿਆ। ਦੱਸ ਦੇਈਏ ਕਿ ਰਾਮ ਰਹੀਮ ਨੂੰ ਬੀਮਾਰ ਪੈਣ ਮਗਰੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਪੀ. ਜੀ. ਆਈ. ਐੱਮ. ਐੱਸ. ਦੀ ਇਕ ਸੀਨੀਅਰ ਡਾਕਟਰ ਨੇ ਵੀਰਵਾਰ ਨੂੰ ਦੱਸਿਆ ਕਿ ਡਾਕਟਰਾਂ ਦੇ 7 ਮੈਂਬਰੀ ਬੋਰਡ ਨੇ ਉਸ ਦੀ ਜਾਂਚ ਕੀਤੀ। ਉਸ ਦੀ ਸਿਹਤ ਸਥਿਰ ਹੈ। 

 

ਪੱਤਰਕਾਰਾਂ ਨੇ ਡਾਕਟਰ ਕੋਲੋਂ ਪੁੱਛਿਆ ਕਿ ਕੀ ਕੋਵਿਡ ਜਾਂਚ ਲਈ ਉਸ ਦੇ ਨਮੂਨੇ ਲਏ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਜਦੋਂ ਬੁੱਧਵਾਰ ਸ਼ਾਮ ਦਾਖ਼ਲ ਕੀਤਾ ਗਿਆ ਤਾਂ ਉਹ ਥੋੜ੍ਹਾ ਝਿਜਕ ਰਿਹਾ ਸੀ ਪਰ ਉਸ ਨੂੰ ਦੱਸਿਆ ਗਿਆ ਕਿ ਇਹ ਜ਼ਰੂਰੀ ਹੈ। ਡਾਕਟਰ ਨੇ ਕਿਹਾ ਕਿ ਅਸੀਂ ਉਸ ਸਮੇਂ ਉਸ ਨੂੰ ਨਮੂਨੇ ਦੇਣ ਲਈ ਕਿਹਾ ਸੀ ਪਰ ਸ਼ੁਰੂਆਤ ’ਚ ਉਹ ਥੋੜ੍ਹਾ ਝਿਜਕ ਰਿਹਾ ਸੀ। ਸਾਡੇ ਡਾਕਟਰਾਂ ਦੀ ਟੀਮ ਕੋਵਿਡ ਤੋਂ ਪੈਦਾ ਹਾਲਾਤ ਨੂੰ ਵੇਖਦਿਆਂ ਨਿਯਮਾਂ ਮੁਤਾਬਕ ਇਹ ਨਮੂਨੇ ਲਵੇਗੀ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਜਦੋਂ ਸੁਨਾਰੀਆ ਜੇਲ੍ਹ ਅਧਿਕਾਰੀਆਂ ਨੇ ਸੂਚਨਾ ਦਿੱਤੀ ਕਿ ਡੇਰਾ ਮੁਖੀ ਬੀਮਾਰ ਹੋ ਗਿਆ ਤਾਂ ਪੀ. ਜੀ. ਆਈ. ਐੱਮ. ਐੱਸ.-ਰੋਹਤਕ ਦੀ ਇਕ ਮੈਡੀਕਲ ਟੀਮ ਉੱਥੇ ਪਹੁੰਚੀ। 
ਜੇਲ੍ਹ ’ਚ ਤਾਇਨਾਤ ਡਾਕਟਰਾਂ ਨੇ ਵੀ ਉਸ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਉਸ ਦੇ ਬਲੱਡ ਪ੍ਰੈੱਸ਼ਰ ’ਚ ਉਤਾਰ-ਚੜ੍ਹਾਅ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਉਸ ਨੂੰ ਰੋਹਤਕ ਪੀ. ਜੀ. ਆਈ. ਐੱਮ. ਐੱਸ. ਲਿਜਾਇਆ ਗਿਆ। ਉਸ ਨੂੰ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ’ਚ ਰੱਖਿਆ ਗਿਆ। 

ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ 2017 ’ਚ ਸਾਧਵੀ ਯੌਨ ਸ਼ੋਸ਼ਣ ਨਾਲ  ਜਬਰ-ਜ਼ਿਨਾਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ ’ਚ ਬੰਦ ਹੈ। ਪੰਚਕੂਲਾ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਜਬਰ-ਜ਼ਿਨਾਹ ਮਾਮਲੇ ਵਿਚ ਅਗਸਤ 2017 ਨੂੰ ਰਾਮ ਰਹੀਮ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ।