India News

ਜੇਲ ‘ਚੋਂ ਰਿਹਾਅ ਹੋਏ ਸੀਰੀਅਲ ਕਿਲਰ ਨੇ 4 ਲੋਕਾਂ ਦੀ ਕੀਤੀ ਹੱਤਿਆ

ਹੈਦਰਾਬਾਦ-ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਸੀਰੀਅਲ ਕਿਲਰ ਨੂੰ ਚੰਗੇ ਰਵੱਈਏ ਕਾਰਨ ਜੇਲ ‘ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਹੁਣ 4 ਲੋਕਾਂ ਦੀ ਮੌਤ ਦੇ ਮਾਮਲੇ ‘ਚ ਉਸ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਇਹ ਚਾਰੇ ਔਰਤਾਂ ਹਨ। ਇਸ ਤੋਂ ਪਹਿਲਾਂ ਇਸ ਸੀਰੀਅਲ ਕਿਲਰ ਨੇ 12 ਤੋਂ ਵੱਧ ਔਰਤਾਂ ਦੀ ਹੱਤਿਆ ਕੀਤੀ ਸੀ।

 ਤੇਲੰਗਾਨਾ ਦੇ ਮਹਿਬੂਬਨਗਰ ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਯੇਰੁਕਲੀ ਸ੍ਰੀਨੂੰ ਨੂੰ ਜੇਲ ਤੋਂ ਰਿਹਾਅ ਹੋਣ ਮਗਰੋਂ ਹੱਤਿਆ ਦੇ 4 ਮਾਮਲਿਆਂ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਸ੍ਰੀਨੂੰ ਨੂੰ ਹੱਤਿਆ ਦੇ ਘੱਟੋ-ਘੱਟ 13 ਹੋਰ ਮਾਮਲਿਆਂ ‘ਚ ਅਪਰਾਧੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ 11 ਮਾਮਲਿਆਂ ‘ਚ ਇੱਕ ਟ੍ਰਾਈਲ ਦੌਰਾਨ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ।

 ਪੁਲਿਸ ਅਧਿਕਾਰੀਆਂ ਮੁਤਾਬਿਕ 2017 ‘ਚ ਸ੍ਰੀਨੂੰ ਨੇ 5 ਔਰਤਾਂ ਦੀ ਹੱਤਿਆ ਕੀਤੀ ਸੀ। ਸਾਲ 2009 ‘ਚ ਇੱਕ ਕਤਲ ਦੇ ਮਾਮਲੇ ‘ਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 2013 ‘ਚ ਉਸ ਦੇ ਚੰਗੇ ਰਵੱਈਏ ਨੂੰ ਵੇਖਦਿਆਂ ਜੇਲ ‘ਚੋਂ ਰਿਹਾਅ ਕਰ ਦਿੱਤਾ ਗਿਆ ਸੀ।

 ਪੁਲਿਸ ਦਾ ਦਾਅਵਾ ਹੈ ਕਿ ਸਾਲ 2014 ‘ਚ ਸ੍ਰੀਨੂੰ ਨੇ ਫਿਰ ਕਤਲ ਦੀਆਂ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ। ਸਾਲ 2015 ਤਕ ਉਸ ਨੇ ਲਗਭਗ 15 ਔਰਤਾਂ ਦੀ ਹੱਤਿਆ ਕੀਤੀ। ਇਸ ਤੋਂ ਬਾਅਦ ਉਸ ਨੂੰ ਇੱਕ ਹੋਰ ਹੱਤਿਆ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ। ਉਸ ਨੂੰ ਤਿੰਨ ਸਾਜ ਲਈ ਜੇਲ ਦੀ ਸਜ਼ਾ ਹੋਈ। ਸਾਲ 2018 ‘ਚ ਉਹ ਜੇਲ ਤੋਂ ਰਿਹਾਅ ਹੋਇਆ ਸੀ।

 ਮਹਿਬੂਬਨਗਰ ਦੀ ਐਸ.ਪੀ. ਰੇਮਾ ਰਾਜੇਸ਼ਵਰ ਨੇ ਦੱਸਿਆ ਕਿ ਸ੍ਰੀਨੂੰ ਨੂੰ 53 ਸਾਲਾ ਔਰਤ ਦੀ ਹੱਤਿਆ ਦੇ ਦੋਸ਼ ‘ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸ੍ਰੀਨੂ ਨੇ ਤਿੰਨ ਹੋਰ ਕਤਲ ਦੀਆਂ ਵਾਰਦਾਤਾਂ ਕਬੂਲ ਕੀਤੀਆਂ, ਜੋ ਉਸ ਨੇ ਪਿਛਲੇ ਸਾਲਾਂ ‘ਚ ਕੀਤੀਆਂ ਸਨ।