India News

ਜੰਮੂ ਡਰੋਨ ਹਮਲਾ: ਲਸ਼ਕਰ-ਏ-ਤੋਇਬਾ ਦੀ ਮਦਦ ਨਾਲ ਹਮਲਾ ਹੋਇਆ: ਰਿਪੋਰਟ

ਜੰਮੂ, 28 ਜੂਨ

ਭਾਰਤ ਦੀਆਂ ਕੇਂਦਰੀ ਏਜੰਸੀਆਂ ਵਲੋਂ ਜੰਮੂ ਡਰੋਨ ਹਮਲੇ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਲਸ਼ਕਰ ਏ ਤੋਇਬਾ ਦਾ ਹੱਥ ਹੈ। ਏਜੰਸੀਆਂ ਨੇ ਇਹ ਵੀ ਦੱਸਿਆ ਕਿ ਇਸ ਖੇਤਰ ਵਿਚ ਪਿਛਲੇ ਕੁਝ ਸਮੇਂ ਤੋਂ 300 ਤੋਂ ਵਧ ਡਰੋਨ ਦੇਖੇ ਗਏ ਸਨ।

ਇਸ ਤੋਂ ਇਲਾਵਾ ਇਥੋਂ ਦੇ ਰਤਨੂਚਾਕ-ਕਾਲੂਚਾਕ ਸਟੇਸ਼ਨ ’ਤੇ ਸਥਿਤ ਬ੍ਰਿਗੇਡ ਹੈਡਕੁਆਰਟਰ ’ਤੇ ਤਾਇਨਾਤ ਚੌਕਸ ਜਵਾਨਾਂ ਨੇ ਡਰੋਨ ਰਾਹੀਂ ਕੀਤੇ ਜਾਣ ਵਾਲੇ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਅਤਿਵਾਦੀਆਂ ਵੱਲੋਂ ਕੀਤੀ ਇਹ ਦੂਜੀ ਕੋਸ਼ਿਸ਼ ਸੀ। ਅਤਿਵਾਦੀਆਂ ਨੇ ਕੱਲ੍ਹ ਡਰੋਨਾ ਰਾਹੀਂ ਹਵਾਈ ਅੱਡੇ ’ਤੇ ਹਮਲਾ ਕੀਤਾ ਸੀ। ਫੌਜੀ ਟਿਕਾਣੇ ’ਤੇ ਐਤਵਾਰ ਰਾਤ ਨੂੰ 11.45 ਵਜੇ ਪਹਿਲਾ ਡਰੋਨ ਅਤੇ ਤੜਕੇ 2.40 ਵਜੇ ਦੂਜਾ ਡਰੋਨ ਦਿਖਾਈ ਦਿੱਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੌਕਸ ਫੌਜੀ ਜਵਾਨਾਂ ਨੇ ਡਰੋਨ ਨੂੰ ਡੇਗਣ ਲਈ ਦੋ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ। ਲੈਫਈਨੈਂਟ ਕਰਨਲ ਦੇਵੇਂਦਰ ਆਨੰਦ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਚੌਕੀ ਜਵਾਨਾਂ ਨੇ ਰਤਨੂਚਾਕ-ਕਾਲੂਚਾਕ ਫੌਜੀ ਇਲਾਕੇ ਵਿੱਚ ਦੋ ਡਰੋਨ ਦੇਖੇ। ਉਨ੍ਹਾਂ ਨੇ ਡਰੋਨਾਂ ਨੂੰ ਡੇਗਣ ਲਈ ਫਾਇਰਿੰਗ ਕੀਤੀ ਪਰ ਦੋਵੇਂ ਡਰੋਨ ਉਥੋਂ ਨਿਕਲ ਗਏ। ਇਸ ਤਰ੍ਹਾਂ ਚੌਕਸ ਜਵਾਨਾਂ ਨੇ ਵੱਡਾ ਹਮਲਾ ਨਾਕਾਮ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫੌਜੀ ਅੱਡੇ ਦੇ ਬਾਹਰੀ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਤਲਾਸ਼ੀ ਮੁਹਿੰਮ ਜਾਰੀ ਸੀ।