World

ਜੱਗੀ ਜੌਹਲ ਨਾਲ ਨਰਮੀ ਵਰਤਣ ਵਾਲੀ ਯੂ.ਕੇ. ਦੀ ਅਪੀਲ ਭਾਰਤ ਸਰਕਾਰ ਵਲੋਂ ਰੱਦ

ਲੰਡਨ -ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੱਕੀ ਅੱਤਵਾਦੀ ਜਗਤਾਰ ਸਿੰਘ ਜੌਹਲ ਨਾਲ ਨਰਮੀ ਵਰਤਣ ਵਾਲੀ ਯੂ.ਕੇ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ। ਜੋਹਲ ਉਰਫ ਜੱਗੀ ਨੂੰ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਆਰਐਸਐਸ ਨੇਤਾ ਜਗਦੀਸ਼ ਗਗਨੇਜਾ ਵੀ ਸ਼ਾਮਲ ਸਨ, ਜੱਗੀ ਇਕ ਬ੍ਰਿਟਿਸ਼ ਨਾਗਰਿਕ ਹੈ।
ਹਾਲ ਹੀ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਭਾਰਤੀ ਸਰਕਾਰ ਅੱਗੇ ਜੋਹਲ ਦਾ ਮੁੱਦਾ ਚੁੱਕਿਆ ਸੀ, ਇਸ ਤੋਂ ਇਲਾਵਾ ਕੁਝ ਬ੍ਰਿਟਿਸ਼ ਐਮ.ਪੀ. ਤੇ ਕੁਝ ਭਾਰਤੀ ਮੂਲ ਦੇ ਬ੍ਰਿਟਿਸ਼ ਐਮ.ਪੀ. ਜਿਨ੍ਹਾਂ ਦੀ ਅਗਵਾਈ ਪ੍ਰੀਤ ਕੌਰ ਗਿੱਲ ਕਰਦੇ ਹਨ, ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਕੁਝ ਰਿਪੋਰਟਾਂ ਮਿਲੀਆਂ ਹਨ, ਜਿਸ ਵਿਚ ਭਾਰਤੀ ਜੇਲਾਂ ਵਿਚ ਕੈਦੀਆਂ ਨਾਲ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਹੈ। ਗਿੱਲ ਨੇ ਇਸ ਸਬੰਧੀ ਯੂ.ਕੇ. ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੱਸਿਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਜੌਹਲ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਜੋਹਲ ਦਾ ਇਲਾਜ ਕਰਵਾਉਣ ਬਾਰੇ ਵੀ ਮੰਗ ਕੀਤੀ।
ਜੱਗੀ ਖਿਲਾਫ ਦਹਿਸ਼ਤਗਰਦੀ ਦੇ ਦੋਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕੇਂਦਰ ਇਸ ਕੇਸ ਵਿਚ ਕਿਸੇ ਵੀ ਤਰਸਯੋਗਤਾ ਦਿਖਾਉਣ ਦੀ ਉਤਸੁਕ ਨਹੀਂ ਹੈ, ਦਿੱਲੀ ਨੇ ਦਾਅਵਾ ਕੀਤਾ ਹੈ ਕਿ “ਜੋਹਲ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ”। ਇੱਥੇ ਅਧਿਕਾਰੀ ਵੀ ਜੌਹਲ ਦੇ ਪੱਤਰ ਦੀ ਪ੍ਰਮਾਣਿਕਤਾ ‘ਤੇ ਸ਼ੱਕ ਕਰਦੇ ਹਨ।
ਇਸ ਤੋਂ ਇਲਾਵਾ ਭਾਰਤੀ ਸਰਕਾਰ ਨੇ ਕਿਹਾ ਹੈ ਕਿ ਯੂ.ਕੇ. ਆਪਣੀ ਧਰਤੀ ‘ਤੇ ਵੱਖਵਾਦੀ ਸਿੱਖ ਆਰਗੇਨਾਈਜ਼ੇਸ਼ਨ ਨੂੰ ਕਿਸੇ ਤਰ੍ਹਾਂ ਦੀ ਹਮਾਇਤ ਨਾ ਦੇਵੇ। ਸਿੱਖ ਫਾਰ ਜਸਟਿਸ 12 ਅਗਸਤ ਨੂੰ ਲੰਡਨ ਵਿਚ ਇਕ ਪ੍ਰੋਗਰਾਮ ਕਰਵਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਮੀਡੀਆ ਨਾਲ ਕਲ ਇਸ ਮਾਮਲੇ ’ਤੇ ਗੱਲ ਕਰਦਿਆਂ ਕਿਹਾ, ‘‘ਸਾਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ, ਅਸੀਂ ਇਸ ਮਾਮਲੇ ’ਤੇ ਬਰਤਾਨੀਆ ਸਰਕਾਰ ਨਾਲ ਗੱਲਬਾਤ ਕਰਾਂਗੇ।’’ ਉਨ੍ਹਾਂ ਉਮੀਦ ਜਤਾਈ ਕਿ ਬਰਤਾਨੀਆ ਸਰਕਾਰ ਇਸ ਤਰ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਨੂੰ ਆਪਣੀ ਧਰਤੀ ’ਤੇ ਨਹੀਂ ਹੋਣ ਦੇਵੇਗੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੋਵੇ। ਉਨ੍ਹਾਂ ਕਿਹਾ ਸੀ ਕਿ ਕੁਝ ਅਜਿਹੇ ਤੱਤ ਹਨ, ਜਿਨ੍ਹਾਂ ਦਾ ਭਾਈਚਾਰੇ ਨਾਲ ਕੋਈ ਵਾਸਤਾ ਨਹੀਂ ਹੈ ਤੇ ਜਿਨ੍ਹਾਂ ਦਾ ਮਕਸਦ ਸਿਰਫ ਨਫ਼ਰਤ ਫੈਲਾਉਣਾ ਹੈ।