India News

ਟਕਸਾਲੀ ਦਲ ਨੂੰ ਝਟਕਾ, ਅਜਨਾਲਾ ਪਿਓ–ਪੁੱਤਰ ਮੁੜ ਅਕਾਲੀ ਦਲ ’ਚ ਸ਼ਾਮਲ

ਅੰਮ੍ਰਿਤਸਰ
ਅੰਮ੍ਰਿਤਸਰ ਦੇ ਰਾਜਾ ਸਾਂਸੀ ਸਥਿਤ ਕੌਮਾਂਤਰੀ ਹਵਾਈ ਅੱਡੇ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੋਸ ਰੈਲੀ ਹੋਈ; ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਿਨੇਟ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ।
ਅੱਜ ਦਾ ਦਿਨ ਜਿੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲਈ ਮਾੜਾ ਰਿਹਾ, ਉੱਥੇ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਪ੍ਰਾਪਤੀ ਬਣ ਗਿਆ ਕਿਉਂਕਿ ਨਾਰਾਜ਼ ਆਗੂ ਸ੍ਰੀ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੋਬਾਰਾ ਬਾਦਲ ਦਲ ’ਚ ਸ਼ਾਮਲ ਹੋ ਗਏ।
ਅਜਨਾਲਾ ਪਿਤਾ–ਪੁੱਤਰ ਦੀ ਇਹ ਵਾਪਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਾਪਤੀ ਹੈ। ਉਹ ਦੋਵੇਂ ਅੱਜ ਪਹਿਲਾਂ ਸਵੇਰੇ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ।
ਇਸ ਰੈਲੀ ਨੂੰ ਵੱਡੇ ਬਾਦਲ ਨੇ ਵੀ ਸੰਬੋਧਨ ਕੀਤਾ।
ਅਮਰਪਾਲ ਸਿੰਘ ਬੋਨੀ ਦੇ ਪੀਏ ਸੋਨੂ ਅਜਨਾਲਾ ਵੱਲੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਮੁਤਾਬਕ ਸ੍ਰੀ ਰਤਨ ਸਿੰਘ ਅਜਨਾਲਾ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚ ਪਰਤ ਆਏ ਹਨ। ਸ੍ਰੀ ਰਤਨ ਸਿੰਘ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ’ਚ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੀ।
ਇਹ ਟਕਸਾਲੀ ਦਲ ਦਸੰਬਰ 2018 ’ਚ ਕਾਇਮ ਕੀਤਾ ਗਿਆ ਸੀ। ਤਦ ਸ੍ਰੀ ਅਜਨਾਲਾ ਦੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਅਕਾਲੀ ਦਲ ’ਚੋਂ ਬਗ਼ਾਵਤ ਕਰ ਗਏ ਸਨ।