World

ਟਰੂਡੋ ਲਈ ਵੱਜੀ ਖਤਰੇ ਦੀ ਘੰਟੀ, 2019 ‘ਚ ਜਗਮੀਤ ਲਈ ਵੀ ਸੌਖਾ ਨਹੀਂ ਹੋਵੇਗਾ ਰਾਹ!

ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ 7 ਜੂਨ, 2018 ਨੂੰ ਹੋਈਆਂ ਚੋਣਾਂ ‘ਚ ਲਿਬਰਲ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ। ਲਿਬਰਲ ਦੀ ਕਰਾਰੀ ਹਾਰ ਨੇ ਟਰੂਡੋ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਕਿਉਂਕਿ ਸਾਲ 2019 ‘ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ, ਜਿਨ੍ਹਾਂ ‘ਚ ਓਨਟਾਰੀਓ ਸੂਬੇ ਦੀਆਂ ਵੋਟਾਂ ਦਾ ਖਾਸ ਰੋਲ ਰਹੇਗਾ। ਕੈਨੇਡਾ ‘ਚ ਪੰਜਾਬੀ ਭਾਈਚਾਰਾ ਵੱਡੀ ਗਿਣਤੀ ‘ਚ ਰਹਿੰਦਾ ਹੈ, ਜਿਨ੍ਹਾਂ ਦਾ ਸਾਥ ਟਰੂਡੋ ਅਤੇ ਜਗਮੀਤ ਦੋਹਾਂ ਨਾਲ ਬਣਿਆ ਹੋਇਆ ਹੈ ਪਰ ਓਨਟਾਰੀਓ ਚੋਣਾਂ ‘ਚ ਟਰੂਡੋ ਦੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ, ਜਦੋਂ ਕਿ ਐੱਨ. ਡੀ. ਪੀ. ਵੀ ਸੱਤਾ ਹਾਸਲ ਨਹੀਂ ਕਰ ਸਕੀ। ਇਸ ਦਾ ਅਸਰ 2019 ਦੀਆਂ ਚੋਣਾਂ ‘ਚ ਦੇਖਣ ਨੂੰ ਮਿਲ ਸਕਦਾ ਹੈ। ਓਨਟਾਰੀਓ ‘ਚ ਐਂਡਰਿਊ ਸ਼ੀਅਰ ਦੀ ਪੀ. ਸੀ. ਪਾਰਟੀ ਦੀ ਜਿੱਤ ਦੇ ਅੰਕੜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਸ ਵਾਰ ਓਨਟਾਰੀਓ ਚੋਣਾਂ ‘ਚ ਮੁੱਖ ਮੁਕਾਬਲਾ ਡਗ ਫੋਰਡ ਦੀ ਪੀ. ਸੀ. ਪਾਰਟੀ ਅਤੇ ਐੱਨ. ਡੀ. ਪੀ. ਵਿਚਕਾਰ ਰਿਹਾ। ਆਪਣੇ 161 ਸਾਲਾਂ ਦੇ ਇਤਿਹਾਸ ‘ਚ ਲਿਬਰਲ ਪਾਰਟੀ ਨੇ ਪਹਿਲੀ ਵਾਰ ਮੁੱਖ ਵਿਰੋਧੀ ਪਾਰਟੀ ਦਾ ਰੁਤਬਾ ਵੀ ਖੋਹ ਦਿੱਤਾ। 124 ਸੀਟਾਂ ‘ਚੋਂ ਲਿਬਰਲ ਪਾਰਟੀ ਸਿਰਫ 7 ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕੀ ਅਤੇ ਉਸ ਨੂੰ 48 ਸੀਟਾਂ ਦਾ ਨੁਕਸਾਨ ਸਹਿਣਾ ਪਿਆ। ਪਿਛਲੇ ਲਗਭਗ 15 ਸਾਲਾਂ ਤੋਂ ਓਨਟਾਰੀਓ ਦੀ ਸੱਤਾ ‘ਤੇ ਲਿਬਰਲਾਂ ਦਾ ਰਾਜ ਸੀ। ਇੰਨਾ ਹੀ ਨਹੀਂ ਓਨਟਾਰੀਓ ਦੀ ਕਮਾਨ ਸੰਭਾਲਣ ਵਾਲੀ ਕੈਥਲਿਨ ਵਿੰਨ ਆਪਣੇ ਵਿਰੋਧੀ ਉਮੀਦਵਾਰ ਤੋਂ ਸਿਰਫ 181 ਵੋਟਾਂ ਦੇ ਫਰਕ ਨਾਲ ਹੀ ਜਿੱਤ ਹਾਸਲ ਕਰ ਸਕੀ। ਡਾਨ ਵੈਲੀ ਸੀਟ ਤੋਂ ਕੈਥਲਿਨ ਵਿੰਨ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਦੇ ਉਮੀਦਵਾਰ ਕੀਰੈਨ ਜੋਨ ਨੇ ਸਖਤ ਟੱਕਰ ਦਿੱਤੀ। ਕੀਰੈਨ ਜੋਨ ਨੂੰ 17,621 ਵੋਟਾਂ ਮਿਲੀਆਂ, ਜਦੋਂ ਕਿ ਕੈਥਲਿਨ ਥੋੜ੍ਹੇ ਜਿਹੇ ਵਧ ਫਰਕ ਯਾਨੀ ਕੁੱਲ 17,802 ਵੋਟਾਂ ਨਾਲ ਜੇਤੂ ਕਰਾਰ ਹੋਈ।

ਪ੍ਰੋਗਰੈਸਿਵ ਕੰਜ਼ਰਵੇਟਿਵ ਬਣਾਏਗੀ ਸਰਕਾਰ—

ਕੁੱਲ ਵੋਟਾਂ ਦਾ 40.49 ਫੀਸਦੀ ਹਾਸਲ ਕਰਕੇ ਓਨਟਾਰੀਓ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਨੂੰ ਇਸ ਵਾਰ 49 ਸੀਟਾਂ ਦਾ ਫਾਇਦਾ ਹੋਇਆ ਹੈ। ਪੀ. ਸੀ. ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ 76 ਸੀਟਾਂ ‘ਤੇ ਜਿੱਤ ਮਿਲੀ ਹੈ, ਜਦੋਂ ਕਿ ਪਿਛਲੀ ਵਾਰ ਇਸ ਕੋਲ ਸਿਰਫ 27 ਸੀਟਾਂ ਹੀ ਸਨ। ਓਨਟਾਰੀਓ ‘ਚ ਸਰਕਾਰ ਬਣਾਉਣ ਲਈ 124 ਸੀਟਾਂ ‘ਚੋਂ 63 ‘ਤੇ ਜਿੱਤ ਹਾਸਲ ਕਰਨਾ ਜ਼ਰੂਰੀ ਸੀ। ਹੁਣ ਪੀ. ਸੀ. ਪਾਰਟੀ ਆਪਣੇ ਦਮ ‘ਤੇ ਸਰਕਾਰ ਬਣਾਏਗੀ। ਪੀ. ਸੀ. ਪਾਰਟੀ ਦੇ ਲੀਡਰ ਡਗ ਫੋਰਡ ਨੂੰ ਸੂਬੇ ਦੀ ਕਮਾਨ ਸੌਂਪੀ ਜਾ ਸਕਦੀ ਹੈ, ਜਿਸ ਦਾ ਐਲਾਨ ਆਉਣ ਵਾਲੇ ਹਫਤਿਆਂ ‘ਚ ਹੋਵੇਗਾ।
ਸਾਲ 2003 ਤੋਂ ਓਨਟਾਰੀਓ ‘ਚ ਲਿਬਰਲ ਪਾਰਟੀ ਸੱਤਾ ‘ਤੇ ਕਾਬਜ਼ ਸੀ। ਸਾਲ 2003 ਤੋਂ ਸਾਲ 2013 ਤਕ ਲਿਬਰਲ ਪਾਰਟੀ ਦੇ ਡਾਲਟਨ ਮੈਗਿੰਟੀ ਓਨਟਾਰੀਓ ਦੇ ਮੁਖੀ ਰਹੇ ਸਨ, ਜਦੋਂ ਕਿ ਫਰਵਰੀ 2013 ਨੂੰ ਲਿਬਰਲ ਪਾਰਟੀ ਵੱਲੋਂ ਕੈਥਲਿਨ ਵਿਨ ਨੂੰ ਓਨਟਾਰੀਓ ਦੀ ਪਹਿਲੀ ਮਹਿਲਾ ਮੁਖੀ ਬਣਨ ਦਾ ਮੌਕਾ ਪ੍ਰਾਪਤ ਹੋਇਆ ਸੀ।

ਜਗਮੀਤ ਸਿੰਘ ਦਾ NDP ਨੂੰ ਮਿਲਿਆ ਫਾਇਦਾ—

ਐੱਨ. ਡੀ. ਪੀ. ਵੱਲੋਂ ਪਾਰਟੀ ਦੀ ਕਮਾਨ ਜਗਮੀਤ ਨੂੰ ਦੇਣ ਦਾ ਫਾਇਦਾ ਮਿਲਿਆ ਹੈ। ਬਰੈਂਪਟਨ ਦੀਆਂ 5 ਸੀਟਾਂ ‘ਚੋਂ ਤਿੰਨ ਸੀਟਾਂ ‘ਤੇ ਐੱਨ. ਡੀ. ਪੀ. ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਪੂਰੇ ਸੂਬੇ ਦੀ ਗੱਲ ਕਰੀਏ ਤਾਂ ਐੱਨ. ਡੀ. ਪੀ. ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਐੱਨ. ਡੀ. ਪੀ. ਕੁੱਲ ਵੋਟਾਂ ਦੇ 33.57 ਫੀਸਦੀ ਹਾਸਲ ਕਰਕੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਮੁੱਖ ਵਿਰੋਧੀ ਪਾਰਟੀ ਬਣੇਗੀ।
ਓਨਟਾਰੀਓ ‘ਚ ਐੱਨ. ਡੀ. ਪੀ. ਦੀ ਲੀਡਰ ਐਂਡਰੀਆ ਹਾਰਵਥ ਨੇ ਬੜੀ ਆਸਾਨੀ ਨਾਲ ਪੀ. ਸੀ. ਪਾਰਟੀ ਦੇ ਵਿਰੋਧੀ ਉਮੀਦਵਾਰ ਨੂੰ ਮਾਤ ਦਿੱਤੀ ਹੈ। ਹਮਿਲਟਨ ਸੈਂਟਰ ਤੋਂ ਹਾਰਵਥ ਨੇ 18,136 ਵੋਟਾਂ ਦੇ ਫਰਕ ਨਾਲ ਪੀ. ਸੀ. ਪਾਰਟੀ ਦੇ ਡੰਕਨ ਡਿਓਨ ਨੂੰ ਹਰਾਇਆ ਹੈ। ਉੱਥੇ ਹੀ ਬਰੈਂਪਟਨ ਈਸਟ ਤੋਂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ 17,606 ਵੋਟਾਂ ਹਾਸਲ ਕਰਕੇ ਆਪਣੇ ਮੁੱਖ ਵਿਰੋਧੀ ਸੁਦੀਪ ਵਰਮਾ (ਪੀ. ਸੀ. ਪਾਰਟੀ) ਨੂੰ 4,975 ਵੋਟਾਂ ਦੇ ਫਰਕ ਨਾਲ ਹਾਰ ਦਿੱਤੀ ਹੈ।