World

ਟੋਰਾਂਟੋ ‘ਚ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨੂੰ ਮਿਲਿਆ ਐਵਾਰਡ

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ 43ਵੇਂ ‘ਟੋਰਾਂਟੋ ਕੌਮਾਂਤਰੀ ਫਿਲਮ ਮੇਲੇ’ (ਟਿਫ) ‘ਚ ਬਾਲੀਵੁੱਡ ਫਿਲਮਾਂ ਦੀ ਧੂਮ ਪਈ ਹੋਈ ਹੈ, ਜਿੱਥੇ ਹਾਲ ਹੀ ‘ਚ ‘ਮਰਦ ਕੋ ਦਰਦ ਨਹੀਂ ਹੋਤਾ’ ਫਿਲਮ ਨੂੰ ਐਵਾਰਡ ਮਿਲਿਆ ਹੈ। ਇਸ ਫਿਲਮ ਨੇ ‘ਗ੍ਰੋਲਸ ਵਿਊਅਰਜ਼ ਚੁਆਇਸ ਐਵਾਰਡ’ ਜਿੱਤ ਕੇ ਇਤਿਹਾਸ ਸਿਰਜਿਆ ਹੈ। ਵਾਸਨ ਬਾਲਾ ਦੀ ਫਿਲਮ ਨੇ ਡੇਵਿਡ ਗਾਰਡਨ ਦੀ ਗ੍ਰੀਨਜ਼ ਹੈਲੋਵੀਨ ਅਤੇ ਸੈਮ ਲੇਵਿਨਸਨ ਦੀ ਅਸੈਸੀਨੇਸ਼ਨ ਨੇਸ਼ਨ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਇਹ ਦੋਵੇਂ ਫਿਲਮਾਂ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ।

‘ਮਰਦ ਕੋ ਦਰਦ ਨਹੀਂ ਹੋਤਾ’ ਫਿਲਮ ਨੂੰ ਟੀ. ਆਈ. ਈ. ਐੱਫ. ਐੱਫ. ਦੇ ਮਿਡਨਾਈਟ ਮੈਡਨੈੱਸ ਸੈਸ਼ਨ ‘ਚ ਪ੍ਰਦਰਸ਼ਿਤ ਕੀਤਾ ਗਿਆ। ਐਤਵਾਰ ਦੁਪਹਿਰ ਨੂੰ ਫਿਲਮ ਨੂੰ ਐਵਾਰਡ ਮਿਲਣ ਮਗਰੋਂ ਨਿਰਦੇਸ਼ਕ ਬਾਲਾ ਨੇ ਕਿਹਾ,”ਮੈਨੂੰ ਹੁਣ ਤਕ ਯਕੀਨ ਨਹੀਂ ਹੋ ਰਿਹਾ ਹੈ। ਸ਼ਾਇਦ ਮੁੰਬਈ ਵਾਪਸ ਜਾਂਦੇ ਸਮੇਂ ਇਸ ‘ਤੇ ਯਕੀਨ ਹੋ ਜਾਵੇ।” ਇਸ ਫਿਲਮ ‘ਚ ਅਭਿਮਨਿਊ ਦਸਸਾਨੀ ਅਤੇ ਰਾਧਿਕਾ ਮਦਾਨ ਨੇ ਅਦਾਕਾਰੀ ਕੀਤੀ ਹੈ। ਦਸਸਾਨੀ ਨੇ ਇਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਈ ਹੈ ਜੋ ਇਕ ਰੋਗ ਨਾਲ ਗ੍ਰਸਿਤ ਹੈ, ਜਿਸ ਦੇ ਚਲਦਿਆਂ ਉਸ ਨੂੰ ਦਰਦ ਨਹੀਂ ਹੁੰਦਾ।