UK News

ਤੇ ਹੁਣ ਬੋਰਿਸ ਜੋਹਨਸਨ ਇਸ ਕਾਰਨ ਆਏ ਆਲੋਚਕਾਂ ਦੇ ਨਿਸ਼ਾਨੇ ’ਤੇ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਕਾਰਨਵਾਲ ’ਚ ਆਯੋਜਿਤ ਜੀ-7 ਸ਼ਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਰੇਲਗੱਡੀ ਦੀ ਬਜਾਏ ਜਹਾਜ਼ ’ਚ ਜਾ ਕੇ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ ਕਿਉਂਕਿ ਉਹ ਖ਼ੁਦ ਮੌਸਮ ’ਚ ਤਬਦੀਲੀ ਵਿਰੁੱਧ ਲੜਾਈ ’ਚ ਹੋਰ ਉਪਰਾਲੇ ਕਰਨ ਲਈ ਵਿਸ਼ਵ ਦੇ ਨੇਤਾਵਾਂ ’ਤੇ ਦਬਾਅ ਪਾਉਂਦੇ ਆ ਰਹੇ ਹਨ। ਇਸ ਘਟਨਾ ’ਤੇ ਕਈ ਵਾਤਾਵਰਣ ਕਾਰਕੁਨਾਂ ਨੇ ਜੋਹਨਸਨ ਨੂੰ ਟਵਿੱਟਰ ’ਤੇ ਟੈਗ ਕਰ ਕੇ ਇਸ ਘਟਨਾ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਸਲਾਹ ਦਿੱਤੀ ਕਿ ਪ੍ਰਧਾਨ ਮੰਤਰੀ, ਜੋ ਉਪਦੇਸ਼ ਦਿੰਦੇ ਹਨ, ਉਨ੍ਹਾਂ ਦਾ ਪਾਲਣ ਵੀ ਕਰਨਾ ਚਾਹੀਦਾ ਹੈ।

 

ਇਸ ਤੋਂ ਪਹਿਲਾਂ ਜੋਹਨਸਨ ਨੇ ਜਹਾਜ਼ ’ਤੇ ਸਵਾਰ ਹੁੰਦਿਆਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ ਅਤੇ ਨਾਲ ਹੀ ਦੁਨੀਆ ਨੂੰ ‘ਬਿਹਤਰ, ਸਾਫ਼ ਅਤੇ ਹਰਿਆ-ਭਰਿਆ’ ਬਣਾਉਣ ਦੀ ਮੰਗ ਵੀ ਕੀਤੀ ਸੀ। ਇਸ ਦੇ ਜਵਾਬ ’ਚ ਵਿਰੋਧੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਜ਼ਾਰਾ ਸੁਲਤਾਨਾ ਨੇ ਟਵੀਟ ਕੀਤਾ, “ਬੋਰਿਸ ਜੋਹਨਸਨ ਮੌਸਮ ਦੇ ਸੰਕਟ ਨਾਲ ਨਜਿੱਠਣ ਲਈ ਇੰਨੇ ਗੰਭੀਰ ਹਨ। ਉਹ ਜਹਾਜ਼ ਰਾਹੀਂ ਕਾਰਨਵਾਲ ਲਈ ਰਵਾਨਾ ਹੋਏ।” ਬ੍ਰਿਟਿਸ਼ ਸਰਕਾਰ ਦੀ ਵੈੱਬਸਾਈਟ ’ਤੇ ਜਾਰੀ ਅੰਕੜਿਆਂ ਅਨੁਸਾਰ ਰੇਲਗੱਡੀ ਦੀ ਬਜਾਏ ਘਰੇਲੂ ਜਹਾਜ਼ ਰਾਹੀਂ ਯਾਤਰਾ ਕਰਦਿਆਂ ਛੇ ਗੁਣਾ ਵਧੇਰੇ ਗ੍ਰੀਨ ਗੈਸ ਨਿਕਲਦੀ ਹੈ। ਲੰਡਨ ਤੋਂ ਕਾਰਨਵਾਲ ਤੱਕ ਰੇਲ ਗੱਡੀ ਰਾਹੀਂ ਜਾਣ ਵਿਚ ਲੱਗਭਗ ਪੰਜ ਘੰਟੇ ਲੱਗਦੇ ਹਨ, ਜਦਕਿ ਹਵਾਈ ਜਹਾਜ਼ ਰਾਹੀਂ ਇਹ ਦੂਰੀ 90 ਮਿੰਟ ਤੋਂ ਵੀ ਘੱਟ ਸਮੇਂ ’ਚ ਤੈਅ ਕੀਤੀ ਜਾਂਦੀ ਹੈ।

 

ਜ਼ਿਕਰਯੋਗ ਹੈ ਕਿ ਜੋਹਨਸਨ ਇਸ ਹਫਤੇ ਦੇ ਅੰਤ ’ਚ ਦੁਨੀਆ ਦੇ ਸੱਤ ਸਭ ਤੋਂ ਅਮੀਰ ਲੋਕਤੰਤਰਿਕ ਦੇਸ਼ਾਂ ਦੀ ਮੇਜ਼ਬਾਨੀ ਕਾਰਨਵਾਲ ਦੇ ਕਾਰਬਿਸ ਬੇ ਰਿਜੋਰਟ ’ਚ ਕਰ ਰਹੇ ਹਨ। ਇਸ ਦੌਰਾਨ ਵਾਤਾਵਰਣ ’ਚ ਤਬਦੀਲੀ, ਵਿਸ਼ਵ ਪੱਧਰ ’ਤੇ ਕੋਵਿਡ-19 ਦਾ ਮੁਕਾਬਲਾ ਕਰਨ ਅਤੇ ਟੈਕਸ ਲਗਾਉਣ ‘ਤੇ ਬਹੁ-ਰਾਸ਼ਟਰੀ ਸਹਿਯੋਗ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ।