World

ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਲੰਡਨ – ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਦੁਨੀਆ ਭਰ ਦੇ 20 ਤੋਂ ਵੱਧ ਦੇਸ਼ਾਂ ਤੋਂ ਮੰਕੀਪਾਕਸ ਦੇ ਲਗਭਗ 200 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਡਬਲਯੂ.ਐੱਚ.ਓ. ਨੇ ਇਹ ਵੀ ਕਿਹਾ ਕਿ ਮਹਾਮਾਰੀ ਨੂੰ ‘ਨਿਯੰਤਰਿਤ’ ਕੀਤਾ ਜਾ ਸਕਦਾ ਹੈ ਅਤੇ ਦੁਨੀਆ ਭਰ ਵਿੱਚ ਉਪਲੱਬਧ ਇਸ ਬਿਮਾਰੀ ਲਈ ਦਵਾਈਆਂ ਅਤੇ ਟੀਕਿਆਂ ਦੀ ਬਰਾਬਰ ਵੰਡ ਦਾ ਪ੍ਰਸਤਾਵ ਰੱਖਿਆ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਮੌਜੂਦਾ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ ਇਸ ਸਬੰਧੀ ਅਜੇ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਹਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਮਹਾਮਾਰੀ ਦਾ ਕਾਰਨ ਵਾਇਰਸ ਵਿੱਚ ਕਿਸੇ ਕਿਸਮ ਦਾ ਜੈਨੇਟਿਕ ਪਰਿਵਰਤਨ ਹੈ।

 

ਡਬਲਯੂ.ਐੱਚ.ਓ. ਦੇ ਮਹਾਮਾਰੀ ਵਿਗਿਆਨ ਨਿਰਦੇਸ਼ਕ ਡਾ: ਸਿਲਵੀ ਬ੍ਰਾਇੰਡ ਨੇ ਕਿਹਾ, “ਵਾਇਰਸ ਦੀ ਪਹਿਲੀ (ਜੀਨੋਮ) ਕ੍ਰਮ ਦਰਸਾਉਂਦੀ ਹੈ ਕਿ ਇਹ ਰੂਪ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਪ੍ਰਾਪਤ ਰੂਪ ਤੋਂ ਵੱਖਰਾ ਨਹੀਂ ਹੈ ਅਤੇ ਇਹ (ਮਹਾਮਾਰੀ ਦਾ ਪ੍ਰਸਾਰ) ਸੰਭਵ ਤੌਰ ‘ਤੇ ਲੋਕਾਂ ਦੀ ਜੀਵਨ ਸ਼ੈਲੀ ਵਿਚ ਆਏ ਬਦਲਾਅ ਦਾ ਨਤੀਜਾ ਹੈ।” ਇਸ ਹਫ਼ਤੇ ਦੇ ਸ਼ੁਰੂ ਵਿੱਚ ਡਬਲਯੂ.ਐੱਚ.ਓ. ਦੇ ਚੋਟੀ ਦੇ ਸਲਾਹਕਾਰ ਨੇ ਕਿਹਾ ਸੀ ਕਿ ਯੂਰਪ, ਅਮਰੀਕਾ, ਇਜ਼ਰਾਈਲ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਮਹਾਮਾਰੀ ਦਾ ਫੈਲਣਾ ਸ਼ਾਇਦ ਸਪੇਨ ਅਤੇ ਬੈਲਜੀਅਮ ਵਿੱਚ ਹਾਲ ਹੀ ਵਿੱਚ ਹੋਈਆਂ ਰੇਵ ਪਾਰਟੀਆਂ ਦੌਰਾਨ ਜਿਨਸੀ ਸਬੰਧਾਂ ਨਾਲ ਜੁੜਿਆ ਹੋਇਆ ਹੈ।

 

ਜੇਕਰ ਅਜਿਹਾ ਹੈ, ਤਾਂ ਇਹ ਮੱਧ ਅਤੇ ਪੱਛਮੀ ਅਫ਼ਰੀਕਾ ਵਿੱਚ ਵਾਇਰਸ ਫੈਲਣ ਦੇ ਤਰੀਕੇ ਨਾਲੋਂ ਬਿਲਕੁਲ ਵੱਖ ਹੈ, ਜਿੱਥੇ ਇਹ ਬਿਮਾਰੀ ਜੰਗਲੀ ਚੂਹਿਆਂ ਅਤੇ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲੀ ਹੈ। ਸਪੇਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਮੰਕੀਪਾਕਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 98 ਹੋ ਗਈ ਹੈ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਬ੍ਰਿਟੇਨ, ਸਪੇਨ, ਪੁਰਤਗਾਲ, ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਹੁਣ ਤੱਕ ਇਹ ਲਾਗ ਸਮਲਿੰਗੀ ਜਾਂ ਦੋ ਲਿੰਗੀ ਪੁਰਸ਼ਾਂ (ਬਾਈਸੈਕਸੁਅਲ) ਪੁਰਸ਼ਾਂ ਜਾਂ ਅਜਿਹੇ ਪੁਰਸ਼ ਜੋ ਪੁਰਸ਼ਾਂ ਨਾਲ ਜਿਨਸੀ ਸਬੰਧ ਬਣਾਉਂਦੇ ਹਨ, ਤੱਕ ਸੀਮਤ ਸੀ। ਹਾਲਾਂਕਿ, ਹੁਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਨਫੈਕਸ਼ਨ ‘ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਦੂਜੇ ਲੋਕਾਂ ਵਿੱਚ ਵੀ ਫੈਲ ਸਕਦਾ ਹੈ।