India News

ਦੇਸ਼ ’ਚ 4.48 ਲੱਖ ਪਿੰਡਾਂ ’ਚ ਆਪਟੀਕਲ ਫਾਈਬਰ ਨਹੀਂ, ਪੰਜਾਬ ਵਿਚ 100 ਫੀਸਦੀ ਪਿੰਡਾਂ ’ਚ ਇੰਟਰਨੈੱਟ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5.98 ਲੱਖ ਪਿੰਡਾਂ ਅਤੇ ਪੰਚਾਇਤਾਂ ਨੂੰ ਅਗਸਤ 2021 ਤਕ ਆਪਟੀਕਲ ਫਾਈਬਰ ਨਾਲ ਜੋੜਨ ਦੀ ਬਹੁਮਖੀ ਯੋਜਨਾ ਠੰਡੇ ਬਸਤੇ ਵਿਚ ਚਲੇ ਜਾਣ ਕਾਰਨ ਸਿਰਫ ਸੁਪਨਾ ਹੀ ਬਣ ਕੇ ਰਹਿ ਗਈ ਹੈ। ਦੇਸ਼ ਭਰ ਵਿਚ 5.98 ਲੱਖ ਪਿੰਡਾਂ ਵਿਚੋਂ ਜੁਲਾਈ 2021 ਤਕ ਸਿਰਫ 1.50 ਲੱਖ ਗ੍ਰਾਮ ਪੰਚਾਇਤਾਂ ਨੂੰ ਭਾਰਤ ਨੈੱਟ ਪ੍ਰਾਜੈਕਟ ਤਹਿਤ ਆਪਟੀਕਲ ਫਾਈਬਰ ਨਾਲ ਜੋੜਿਆ ਗਿਆ ਹੈ, ਜੋ 25 ਫੀਸਦੀ ਹੈ। ਦੇਸ਼ ਵਿਚ 4.48 ਲੱਖ ਪਿੰਡਾਂ ਵਿਚ ਆਪਟੀਕਲ ਫਾਈਬਰ ਨਹੀਂ ਹੈ। ਪ੍ਰਾਜੈਕਟ ਵਿਚ ਦੇਰੀ ਲਈ ਪ੍ਰਧਾਨ ਮੰਤਰੀ ਨੂੰ ਨਾਰਾਜ਼ਗੀ ਜ਼ਾਹਿਰ ਕਰਦਿਆਂ ਯੋਜਨਾ ਨੂੰ ਪੂਰਾ ਕਰਨ ਦਾ ਅਗਲਾ ਟੀਚਾ 15 ਅਗਸਤ, 2021 ਤੋਂ ਵਧਾ ਕੇ 15 ਅਗਸਤ, 2023 ਕਰਨਾ ਪਿਆ। ਇਸੇ ਕਾਰਨ ਰਵੀਸ਼ੰਕਰ ਪ੍ਰਸਾਦ ਨੂੰ ਇਸ ਢਿੱਲ ਦੀ ਕੀਮਤ ਚੁਕਾਉਣੀ ਪਈ ਅਤੇ ਅਸ਼ਵਨੀ ਵੈਸ਼ਣਵ ਨਵੇਂ ਦੂਰਸੰਚਾਰ ਮੰਤਰੀ ਬਣਾਏ ਗਏ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਭਰ ਵਿਚ 37,439 ਪਿੰਡਾਂ ਵਿਚ 3ਜੀ/4ਜੀ ਮੋਬਾਇਲ ਸੇਵਾ ਵੀ ਨਹੀਂ ਹੈ। 5.98 ਲੱਖ ਪਿੰਡਾਂ ਵਿਚੋਂ ਸਿਰਫ 25 ਫੀਸਦੀ ਪਿੰਡਾਂ ਵਿਚ ਇੰਟਰਨੈੱਟ ਮੁਹੱਈਆ ਹੈ ਅਤੇ ਪਿੰਡਾਂ ਵਿਚ ਰਹਿਣ ਵਾਲੇ ਬੱਚਿਆਂ ਦੀ ਸ਼ਹਿਰੀ ਕੇਂਦਰਾਂ ਜਾਂ ਵਿਕਸਿਤ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਤੁਲਨਾ ’ਚ ਦੂਰ-ਦੁੁਰੇਡੇ ਦੀਆਂ ਸਿੱਖਿਆ ਸਹੂਲਤਾਂ ਤਕ ਪਹੁੰਚ ਨਹੀਂ।

ਬਿਹਾਰ ਵਿਚ ਸੁਸ਼ਾਸਨ ਬਾਬੂ ਨਿਤੀਸ਼ ਕੁਮਾਰ ਦੇ ਰਾਜ ’ਚ 39,073 ਪਿੰਡਾਂ ਵਿਚੋਂ ਸਿਰਫ 8,163 ਪਿੰਡਾਂ ਵਿਚ ਇੰਟਰਨੈੱਟ ਦੀ ਸਹੂਲਤ ਹੈ। ਉੱਤਰ ਪ੍ਰਦੇਸ਼ 30 ਫੀਸਦੀ ਪਿੰਡਾਂ ਵਿਚ ਇੰਟਰਨੈੱਟ ਦੀ ਸਹੂਲਤ ਨਾਲ ਖਰਾਬ ਸਥਿਤੀ ਵਿਚ ਹੈ। ਹਾਲਾਂਕਿ ਦੇਸ਼ ਭਰ ਵਿਚ ਪੰਜਾਬ ’ਚ ਇੰਟਰਨੈੱਟ ਦੀ 100 ਫੀਸਦੀ ਪਹੁੰਚ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ 12,168 ਪਿੰਡਾਂ ਅਤੇ ਬਾਅਦ ’ਚ ਨਵੇਂ ਬਣੇ ਪਿੰਡਾਂ ਸਮੇਤ ਪੰਜਾਬ ਵਿਚ 12,660 ਪਿੰਡਾਂ ਵਿਚ ਪੂਰਨ ਇੰਟਰਨੈੱਟ ਸੇਵਾ ਹੈ। ਹਰਿਆਣਾ ਵਿਚ 90 ਫੀਸਦੀ ਤੋਂ ਵੱਧ ਪਿੰਡਾਂ ਵਿਚ ਆਪਟੀਕਲ ਫਾਈਬਰ ਹੈ। ਸਾਰੇ 100 ਫੀਸਦੀ ਪਿੰਡਾਂ ਵਿਚ 3ਜੀ/4ਜੀ ਦੀ ਪਹੁੰਚ ਵੀ ਹੈ। ਕੇਰਲ ਦੇ ਪਿੰਡਾਂ ਵਿਚ 95 ਫੀਸਦੀ ਇੰਟਰਨੈੱਟ ਹੈ। ਅਧਿਕਾਰਤ ਸੋਮਿਆਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਹਾਰਾਸ਼ਟਰ ਵਿਚ 40,959 (55 ਫੀਸਦੀ ਤੋਂ ਵੱਧ) ਪਿੰਡਾਂ ਵਿਚ ਇੰਟਰਨੈੱਟ ਦੀ ਸਹੂਲਤ ਨਹੀਂ, ਸਿਰਫ 19,013 ਪਿੰਡਾਂ ਵਿਚ ਹੀ ਇੰਟਰਨੈੱਟ ਮੁਹੱਈਆ ਹੈ।

ਅਜਿਹੀ ਹਾਲਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਂਡਰਾਂ ਦਾ ਸੱਦਾ ਦੇ ਕੇ ਨਿੱਜੀ ਆਪ੍ਰੇਟਰਾਂ ਰਾਹੀਂ ਪੀ. ਪੀ. ਪੀ. ਮਾਡਲ ਦਾ ਸਹਾਰਾ ਲਿਆ ਕਿਉਂਕਿ ਬੀ. ਐੱਸ. ਐੱਨ. ਐੱਲ. ਕੰਮ ਪੂਰਾ ਕਰਨ ’ਚ ਅਸਫਲ ਰਿਹਾ ਹੈ।