India News

ਦੋ ਸਾਲ ਬਾਅਦ ਹੀ ਕਾਂਗਰਸ ਸਰਕਾਰ ਤੋਂ ਅੱਕੇ ਪੰਜਾਬੀ, ਕੈਪਟਨ ਨੇ ਸ਼ਾਂਤ ਕਰਨ ਲਈ ਸੰਭਾਲੀ ਕਮਾਨ

ਚੰਡੀਗੜ੍ਹ: ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਦੋ ਸਾਲ ਵਿੱਚ ਹੀ ਅੱਕ ਗਏ ਹਨ। ਇਸ ਦੀ ਮਿਸਾਲ ਸੋਸ਼ਲ ਮੀਡੀਆ ‘ਤੇ ਨਿਕਲਦੀ ਭੜਾਸ ਤੇ ਸੜਕਾਂ ‘ਤੇ ਰੋਜ਼ਾਨਾ ਹੋ ਰਹੇ ਧਰਨੇ-ਮੁਜ਼ਾਹਰਿਆਂ ਤੋਂ ਮਿਲਦੀ ਹੈ। ਪਿਛਲੇ ਦਿਨੀਂ ਕਾਂਗਰਸੀ ਵਿਧਾਇਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਇਹੀ ਕੁਝ ਵੇਖਣ ਨੂੰ ਮਿਲਿਆ।

ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋਏ ਹਨ। ਉਹ ਅਗਲੇ ਦੋ ਮਹੀਨਿਆਂ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ। ਇਸ ਸਬੰਧੀ ਕੈਪਟਨ ਅਮਰਿੰਦਰ ਨੇ ਜਦੋਂ ਡਿਪਟੀ ਕਮਿਸ਼ਨਰਾਂ ਦੀ ਕਾਰਗੁਜ਼ਾਰੀ ’ਤੇ ਨਿਗ੍ਹਾ ਮਾਰੀ ਤਾਂ ਸਾਰੀ ਤਸਵੀਰ ਸਾਫ ਹੋ ਗਈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਦੀ ਕਾਰਗੁਜ਼ਾਰੀ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਲੋਕਾਂ ਨਾਲ ਰਾਬਤਾ ਵਧਾਉਣ ਲਈ ਹੁਕਮ ਦਿੱਤੇ ਹਨ।

ਲੋਕ ਸਭਾ ਚੋਣਾਂ ਵਿੱਚ ਲਗਪਗ ਦੋ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ। ਇਸ ਕਰਕੇ ਹੁਣ ਕੈਪਟਨ ਸਰਕਾਰ ਦਾ ਸਾਰਾ ਜ਼ੋਰ ਵਿਕਾਸ ਕੰਮ ਛੇਤੀ ਨਿਬੇੜਨ ’ਤੇ ਲੱਗਿਆ ਹੋਇਆ ਹੈ। ਮੁੱਖ ਮੰਤਰੀ ਨੇ ਬਜਟ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨਾਲ ਕੀਤੀਆਂ ਮੀਟਿੰਗਾਂ ਵਿੱਚ ਮਿਲੀ ਫੀਡਬੈਕ ਦੇ ਆਧਾਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਵਿਕਾਸ ਏਜੰਡੇ ਤਹਿਤ ਅਗਲੇ ਦੋ ਮਹੀਨਿਆਂ ਵਿੱਚ ਸਖ਼ਤ ਮਿਹਨਤ ਤੇ ਵਚਨਬੱਧਤਾ ਨਾਲ ਕੰਮ ਕਰਨ ਲਈ ਆਖਿਆ ਹੈ।

ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਦੱਸਿਆ ਹੈ ਕਿ ਵਿਕਾਸ ਕੰਮਾਂ ਲਈ ਪੈਸਾ ਜਲਦੀ ਪਹੁੰਚ ਜਾਵੇਗਾ। ਪੈਸਾ ਮਿਲਦੇ ਸਾਰ ਹੀ ਕੰਮ ਸ਼ੁਰੂ ਕਰ ਦਿੱਤੇ ਜਾਣ ਤੇ ਇਨ੍ਹਾਂ ਕੰਮਾਂ ਦੇ ਉਦਘਾਟਨ ਅਗਲੇ ਤਿੰਨ-ਚਾਰ ਦਿਨਾਂ ਅੰਦਰ ਵਿਧਾਇਕਾਂ ਤੇ ਮੰਤਰੀਆਂ ਕੋਲੋਂ ਕਰਵਾਏ ਜਾਣ। ਜੇਕਰ ਕੰਮ ਸ਼ੁਰੂ ਹੋ ਜਾਣਗੇ ਤਾਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ’ਤੇ ਵੀ ਬੰਦ ਨਹੀਂ ਹੋਣਗੇ। ਉਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੇ ਸਤਿਕਾਰ ਨੂੰ ਹਰ ਕੀਮਤ ’ਤੇ ਬਹਾਲ ਰੱਖਣ ਦੀ ਨਸੀਹਤ ਦਿੱਤੀ।

ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਦਫ਼ਤਰਾਂ ਵਿੱਚ ‘ਨਿਕੰਮੇ’ ਮੁਲਾਜ਼ਮਾਂ ਦੀ ਵੀ ਸ਼ਨਾਖ਼ਤ ਕਰਨ ਦੇ ਹੁਕਮ ਦਿੰਦਿਆਂ ਇਨ੍ਹਾਂ ਦਫ਼ਤਰਾਂ ਵਿੱਚ ਹੇਠਲੇ ਪੱਧਰ ਤੱਕ ਭ੍ਰਿਸ਼ਟਾਚਾਰ ਦੇ ਖਾਤਮੇ ਤੇ ਸਟਾਫ਼ ਦੀ ਅਨੁਸ਼ਾਸਨਬੱਧਤਾ ਯਕੀਨੀ ਬਣਾਉਣ ਲਈ ਕਿਹਾ। ਮੁੱਖ ਮੰਤਰੀ ਨੇ ਬੇਘਰੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ 5-5 ਮਰਲਿਆਂ ਦੇ ਇੱਕ ਲੱਖ ਪਲਾਟ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਹੈ, ਉੱਥੇ ਪਹਿਲੇ ਪੜਾਅ ਵਿੱਚ ਹਰੇਕ ਪਿੰਡ ’ਚ ਘੱਟੋ-ਘੱਟ 10 ਪਲਾਟ ਤੇ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਨਹੀਂ, ਉਥੇ ਅਗਲੇ ਪੜਾਅ ਵਿਚ ਪਲਾਟ ਦਿੱਤੇ ਜਾਣਗੇ।