India News

ਨਕਸਲੀ ਹਿਡਮਾ: ਜਿਸ ਨੇੇ 22 ਘਰਾਂ ਦੇ ਬੁਝਾ ਦਿੱਤੇ ‘ਚਿਰਾਗ’

ਬੀਜਾਪੁਰ— ਸ਼ਨੀਵਾਰ ਯਾਨੀ ਕਿ 3 ਅਪ੍ਰੈਲ 2021 ਦਾ ਦਿਨ ਹਮੇਸ਼ਾ ਚੇਤਿਆਂ ’ਚ ਰਹੇਗਾ, ਇਸ ਦਿਨ ਵਾਪਰੀ ਵੱਡੀ ਨਕਸਲੀ ਘਟਨਾ ਨੇ ਦੇਸ਼ ਦੇ ਸੀਨੇ ’ਚ ਵੱਡਾ ਜ਼ਖਮ ਦਿੱਤਾ ਹੈ। 22 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ 22 ਜਵਾਨ ਸ਼ਹੀਦ ਹੋ ਗਏ ਤਾਂ ਉੱਥੇ ਹੀ 31 ਜਵਾਨ ਜ਼ਖਮੀ ਹਨ। ਇਸ ਨਕਸਲੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।  ਕਰੀਬ 400 ਨਕਸਲੀਆਂ ਦੇ ਇਕ ਸਮੂਹ ਨੇ ਸੁਰੱਖਿਆ ਫੋਰਸ ਦੇ ਜਵਾਨਾਂ ’ਤੇ ਘਾਤ ਲਾ ਕੇ ਹਮਲਾ ਕੀਤਾ ਸੀ, ਜੋ ਕਿ ਵਿਸ਼ੇਸ਼ ਮੁਹਿੰਮ ਲਈ ਤਾਇਨਾਤ ਇਕ ਵੱਡੀ ਟੁਕੜੀ ਦਾ ਹਿੱਸਾ ਸਨ। ਦਰਅਸਲ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਖ਼ਬਰ ਮਿਲੀ ਸੀ ਵਾਂਟੇਡ ਨਕਸਲੀ ਹਿਡਮਾ ਛੱਤੀਸਗੜ੍ਹ ਦੇ ਜੰਗਲਾਂ ’ਚ ਲੁਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹਿਡਮਾ ਹੀ ਇਸ ਹਮਲੇ ਦਾ ਮਾਸਟਰਮਾਈਂਡ ਹੈ। ਜਵਾਨਾਂ ਨੇ ਮੁਕਾਬਲੇ ’ਚ ਵੱਡੀ ਗਿਣਤੀ ’ਚ ਨਕਸਲੀ ਵੀ ਮਾਰੇ ਗਏ ਅਤੇ ਜ਼ਖਮੀ ਹੋਏ ਹਨ।

PunjabKesari

ਖ਼ਬਰਾਂ ਮੁਤਾਬਕ ਜਦੋਂ ਇਹ ਮੁਹਿੰਮ ਚਲਾਈ ਗਈ ਸੀ ਤਾਂ ਪਹਿਲਾਂ ਹੀ ਤੋਂ ਨਕਸਲੀਆਂ ਦਾ ਸਮੂਹ ਹਮਲੇ ਲਈ ਉਡੀਕ ਕਰ ਰਿਹਾ ਸੀ। ਜਦੋਂ ਸੁਰੱਖਿਆ ਫੋਰਸ ਦੇ ਜਵਾਨ ਉੱਥੇ ਪਹੁੰਚੇ ਤਾਂ ਉਨ੍ਹਾਂ ’ਤੇ ਲਗਾਤਾਰ ਗੋਲੀਬਾਰੀ ਹੋਈ। ਨਕਸਲੀਆਂ ਅਤੇ ਜਵਾਨਾਂ ਵਿਚਾਲੇ ਇਹ ਮੁਕਾਬਲਾ ਕਰੀਬ 5 ਘੰਟੇ ਚੱਲਿਆ। ਦਰਅਸਲ ਸੁਰੱਖਿਆ ਫੋਰਸ ਹਿਡਮਾ ਨੂੰ ਫੜਨ ਲਈ ਉਸ ਦੀ ਗੁਫ਼ਾ ਅੰਦਰ ਵੜੇ ਸਨ। ਹਿਡਮਾ ਦੀ ਗੁਫਾ ਅੰਦਰ ਜਾਣਾ ਹੀ ਜਵਾਨਾਂ ਨੂੰ ਭਾਰੀ ਪੈ ਗਿਆ। ਨਕਸਲੀਆਂ ਨੇ ਸ਼ੁਰੂਆਤ ’ਚ ਤਾਂ ਜਵਾਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾਈ। ਉਨ੍ਹਾਂ ਨੂੰ ਸੰਘਣੇ ਜੰਗਲ ’ਚ ਅੰਦਰ ਤੱਕ ਵੜਨ ਦਿੱਤਾ। ਸੁਰੱਖਿਆ ਫੋਰਸ ਦੀ ਟੀਮ ਕਈ ਹਿੱਸਿਆਂ ’ਚ ਵੰਡੀ ਹੋਈ ਸੀ। ਇਕ ਟੀਮ ਨੂੰ ਹਿਡਮਾ ਦੀ ਬਟਾਲੀਅਨ ਨੇ ਆਪਣੇ ਘਾਤ ’ਚ ਫਸਾ ਲਿਆ। ਨਕਸਲੀਆਂ ਨੇ ਜਵਾਨਾਂ ’ਤੇ 3 ਤਰੀਕਿਆਂ ਨਾਲ ਹਮਲਾ ਕੀਤਾ। ਪਹਿਲਾਂ ਗੋਲੀਆਂ ਨਾਲ, ਦੂਜਾ ਨੁਕੀਲੇ ਹਥਿਆਰਾਂ ਨਾਲ ਅਤੇ ਤੀਜਾ ਦੇਸੀ ਰਾਕੇਟ ਲਾਂਚਰ ਨਾਲ। 

PunjabKesari

ਕੌਣ ਹੈ ਹਿਡਮਾ—
ਹਿਡਮਾ ਛੋਟੀ ਉਮਰ ਵਿਚ ਨਕਸਲੀ ਸੰਗਠਨ ਵਿਚ ਸ਼ਾਮਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਉਮਰ ਮਹਿਜ 24 ਸਾਲ ਹੈ। ਛੋਟੀ ਉਮਰ ਦਾ ਹੋਣ ਕਰ ਕੇ ਇਲਾਕੇ ਦੇ ਨੌਜਵਾਨ ਮੁੰਡੇ ਉਸ ਨੂੰ ਆਪਣੇ ਹੀਰੋ ਦੇ ਰੂਪ ਵਿਚ ਵੇਖਦੇ ਹਨ। ਹਿਡਮਾ ਦੇ ਕਹਿਣ ’ਤੇ ਨਕਸਲੀ ਸੰਗਠਨ ’ਚ ਸ਼ਾਮਲ ਹੋਣ ’ਚ ਨੌਜਵਾਨ ਝਿੱਜਕ ਮਹਿਸੂਸ ਨਹੀਂ ਕਰਦੇ। ਕਈ ਸੂਬਿਆਂ ਦੀ ਪੁਲਸ ਨਕਸਲੀ ਕਮਾਂਡਰ ਹਿਡਮਾ ਦੀ ਭਾਲ ਕਰ ਰਹੀ ਹੈ। ਇਸ ਦੇ ਬਾਵਜੂਦ ਉਹ ਪਕੜ ਵਿਚ ਨਹੀਂ ਆਇਆ ਹੈ। ਹਿਡਮਾ ਖ਼ੁਦ ਕਦੇ ਛੱਤੀਸਗੜ੍ਹ, ਕਦੇ ਆਂਧਰਾ ਪ੍ਰਦੇਸ਼ ਵਿਚ ਸ਼ਰਨ ਲੈਂਦਾ ਹੈ। 22 ਜਵਾਨਾਂ ਦੀ ਜਾਨ ਲੈਣ ਵਾਲੇ ਇਸ ਨਕਸਲੀ ਨੂੰ ਪੁਲਸ ਛੇਤੀ ਹੀ ਫੜ੍ਹ ਲਵੇਗੀ।

ਏਕੇ-47 ਦਾ ਸ਼ੌਕੀਨ ਦੱਸਿਆ ਜਾਂਦਾ ਹੈ ਹਿਡਮਾ—
ਦੱਸਿਆ ਜਾ ਰਿਹਾ ਹੈ ਕਿ ਹਿਡਮਾ ਏਕੇ-47 ਦਾ ਸ਼ੌਕੀਨ ਹੈ। ਉਸ ਦੀ ਬਟਾਲੀਅਨ ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੈ। ਹਿਡਮਾ ਦਾ ਜਨਮ ਸੁਕਮਾ ਜ਼ਿਲ੍ਹੇ ਦੇ ਪੁਵਤਰੀ ਪਿੰਡ ਦਾ ਰਹਿਣ ਵਾਲਾ ਹੈ। ਜੋ ਕਿ 90 ਦੇ ਦਹਾਕੇ ਵਿਚ ਨਕਸਲੀਆਂ ਨਾਲ ਜੁੜ ਗਿਆ ਸੀ। ਰਿਪੋਰਟਾਂ ਮੁਤਾਬਕ ਹਿਡਮਾ ਨੇ ਦੋ ਵਿਆਹ ਕਰਵਾਏ ਹਨ ਅਤੇ ਉਸ ਦੀਆਂ ਪਤਨੀਆਂ ਵੀ ਨਕਸਲੀ ਗਤੀਵਿਧੀਆਂ ’ਚ ਸ਼ਾਮਲ ਹਨ। ਹਿਡਮਾ ਦੇ ਪਿੰਡ ਵਿਚ ਬੀਤੇ 20 ਸਾਲਾਂ ਤੋਂ ਸਕੂਲ ਨਹੀਂ ਲੱਗਾ ਹੈ। ਇੱਥੇ ਅੱਜ ਵੀ ਨਕਸਲੀਆਂ ਦਾ ਬੋਲਬਾਲਾ ਹੈ। ਸਾਲਾਂ ਪੁਰਾਣੀ ਇਕ ਤਸਵੀਰ ਦੇ ਸਹਾਰੇ ਹੀ ਪੁਲਸ ਉਸ ਨੂੰ ਲੱਭ ਰਹੀ ਹੈ। ਖ਼ਬਰਾਂ ਮੁਤਾਬਕ ਨਕਸਲੀ ਹਿਡਮਾ ਇਕ ਹੱਥ ’ਚ ਬੰਦੂਕ ਰੱਖਦਾ ਹੈ ਅਤੇ ਦੂਜੇ ਹੱਥ ’ਚ ਨੋਟ ਬੁੱਕ ਲੈ ਕੇ ਚਲਦਾ ਹੈ।