Punjab News

ਨਵਜੋਤ ਸਿੱਧੂ ਵਲੋਂ ਪੱਛੜੀਆਂ ਸ਼੍ਰੇਣੀਆਂ ਭਾਈਚਾਰੇ ਨਾਲ ਸੰਬੰਧਤ ਆਗੂਆਂ ਨਾਲ ਮੀਟਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਪੱਛੜੀਆਂ ਜਾਤੀਆਂ ਭਾਈਚਾਰੇ ਨਾਲ ਸੰਬੰਧਤ ਆਗੂਆਂ ਨਾਲ ਮੀਟਿੰਗ ਕੀਤੀ ਗਈ। ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਅਤੇ ਪੰਜਾਬ ਕਾਂਗਰਸ ਦੇ ਪੱਛੜੀਆਂ ਸ਼੍ਰੇਣੀਆਂ ਭਾਈਚਾਰਾ ਭਲਾਈ ਸੈੱਲ ਦੇ ਚੇਅਰਮੈਨ ਗੁਰਿੰਦਰ ਸਿੰਘ ਬਿੱਲਾ ਦੇ ਸਹਿਯੋਗ ਨਾਲ ਆਯੋਜਿਤ ਬੈਠਕ ਵਿਚ ਪੱਛੜੀਆਂ ਜਾਤੀਆਂ ਭਾਈਚਾਰੇ ਦੀ ਪੰਜਾਬ ਕਾਂਗਰਸ ਲੀਡਰਸ਼ਿਪ 9 ਵਿਧਾਇਕਾਂ, ਪੱਛੜੀਆਂ ਸ਼੍ਰੇਣੀਆਂ ਭਾਈਚਾਰਾ ਭਲਾਈ ਸੈੱਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਪੱਛੜੀਆਂ ਜਾਤਾਂ ਭਾਈਚਾਰੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਨਾਲ 3 ਘੰਟੇ ਤੋਂ ਵੱਧ ਸਮਾਂ ਚੱਲੀ ਬੈਠਕ ਵਿਚ ਡੂੰਘੀ ਵਿਚਾਰ-ਚਰਚਾ ਕੀਤੀ।

ਵਿਸਥਾਰ ਵਿਚ ਹੋਈ ਇਸ ਮੀਟਿੰਗ ਦੌਰਾਨ ਜ਼ਮੀਨੀ ਪੱਧਰ ’ਤੇ ਭਾਈਚਾਰੇ ਨੂੰ ਦਰਪੇਸ਼ ਹਰ ਸਮੱਸਿਆ ਅਤੇ ਪੰਜਾਬ ਦੇ ਪੱਛੜੀਆਂ ਜਾਤੀਆਂ ਭਾਈਚਾਰੇ ਦੇ ਵਿਕਾਸ ਵਿਚ ਆ ਰਹੀਆਂ ਰੁਕਾਵਟਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਕੁੱਝ ਆਗੂਆਂ ਨੇ ਪੰਜਾਬ ਸਰਕਾਰ ਵਿਚ ਪੱਛੜੀਆਂ ਜਾਤਾਂ ਦੀ ਨੁਮਾਇੰਦਗੀ ਦੀ ਘਾਟ ਦਾ ਮੁੱਦਾ ਉਠਾਇਆ। ਇਸ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਰਾਖਵੇਕਰਨ ਅਤੇ ਮਜ਼ਦੂਰ ਭਲਾਈ ਨਾਲ ਸੰਬੰਧਤ ਮਸਲਿਆਂ ’ਤੇ ਵੀ ਜ਼ੋਰ ਦਿੱਤਾ।