Punjab News

ਨਵਾਂਸ਼ਹਿਰ ’ਚ ਪੰਜਾਬ ਦੀ ਪਹਿਲੀ ‘ਲੈਬ ਆਨ ਵ੍ਹੀਲਜ਼’ ਦਾ ਹੋਇਆ ਆਗਾਜ਼

ਨਵਾਂਸ਼ਹਿਰ -ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਉਸ ਸਮੇਂ ਯਾਦਗਾਰੀ ਹੋ ਨਿੱਬੜਿਆ, ਜਦੋਂ ਨਵਾਂਸ਼ਹਿਰ ਤੋਂ ਪੰਜਾਬ ਦੀ ਪਹਿਲੀ ਅਤੇ ਨਿਵੇਕਲੀ ‘ਚੱਲਦੀ-ਫਿਰਦੀ ਕੰਪਿਊਟਰ ਅਤੇ ਵਿਗਿਆਨਕ ਪ੍ਰਯੋਗਸ਼ਾਲਾ’ (ਕੰਪਿਊਟਰ ਐਂਡ ਸਾਇੰਸ ਲੈਬ ਆਨ ਵ੍ਹੀਲਜ਼) ਦਾ ਸ਼ੁੱਭ ਆਰੰਭ ਕੀਤਾ ਗਿਆ। ਕਰੀਬ 48 ਲੱਖ ਦੀ ਲਾਗਤ ਵਾਲੀ ਇਸ ਵਿਲੱਖਣ ਲੈਬ ਨੂੰ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਤੋਂ ਝੰਡੀ ਦੇ ਕੇ ਰਵਾਨਾ ਕੀਤਾ। 2 ਭਾਗਾਂ ’ਚ ਵੰਡੀ ਹੋਈ ਇਸ ਏਅਰ ਕੰਡੀਸ਼ਨਡ ਮੋਬਾਇਲ ਲੈਬ ਦੇ ਕੰਪਿਊਟਰ ਸੈਕਸ਼ਨ ’ਚ ਐੱਲ. ਈ. ਡੀ ਤੋਂ ਇਲਾਵਾ ਵਾਈ-ਫਾਈ ਪ੍ਰਿੰਟਰ ਅਤੇ ਹੋਰਨਾਂ ਸੁਵਿਧਾਵਾਂ ਨਾਲ ਲੈਸ 12 ਅਤਿ-ਆਧੁਨਿਕ ਕੰਪਿਊਟਰ ਹਨ, ਜਦੋਂਕਿ ਸਾਇੰਸ ਸੈਕਸ਼ਨ ’ਚ ਵਿਗਿਆਨ ਦੇ ਬੇਸਿਕ ਮਾਡਲ ਅਤੇ ਯੰਤਰ ਹਨ, ਜਿਨ੍ਹਾਂ ’ਚ ਆਈ ਟੈਸਟਿੰਗ, ਮਾਈਕ੍ਰੋਸਕੋਪ, ਡੇਅ ਐਂਡ ਨਾਈਟ ਗਲੋਬ ਤੋਂ ਇਲਾਵਾ ਮਨੁੱਖੀ ਸਰੀਰ, ਦਿਲ, ਡੀ. ਐੱਨ. ਏ., ਸਕੈਲਟਨ, ਧਰਤੀ ਅਤੇ ਰਾਕੇਟ ਸਟੱਡੀ ਆਦਿ ਦੇ ਮਾਡਲ ਸ਼ਾਮਲ ਹਨ। ਲੈਬ ਦੇ ਕੰਪਿਊਟਰਾਂ, ਏ. ਸੀ. ਅਤੇ ਹੋਰ ਸਿਸਟਮ ਨੂੰ ਨਿਰਵਿਘਨ ਚਲਾਉਣ ਲਈ 2 ਜਨਰੇਟਰ ਲੱਗੇ ਹੋਏ ਹਨ। ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਅਣਥੱਕ ਯਤਨਾਂ ਸਦਕਾ ਹੋਂਦ ’ਚ ਆਇਆ ਇਹ ਐਂਡਵਾਸ ਟੈਕਨਾਲੋਜੀ ਪ੍ਰਾਜੈਕਟ 2018 ’ਚ ਸ਼ੁਰੂ ਕੀਤਾ ਗਿਆ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਕੰਮਲ ਹੋਣ ’ਚ ਕੁਝ ਸਮਾਂ ਲੱਗਿਆ। 

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਰਾਜ ਸਭਾ ਮੈਂਬਰ ਕੇ. ਟੀ. ਐੱਸ. ਤੁਲਸੀ ਵੱਲੋਂ 21.20 ਲੱਖ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਗਿਆ ਹੈ, ਜਦੋਂਕਿ ਬਾਕੀ ਖਰਚਾ ਜ਼ਿਲ੍ਹਾ ਮਿਨਰਲ ਫੰਡ ’ਚੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ’ਚ ਸਿੱਖਿਆ ਮਹਿਕਮੇ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਇਹ ਲੈਬ ਜ਼ਿਲ੍ਹੇ ਦੇ 211 ਸੀਨੀਅਰ ਸੈਕੰਡਰੀ ਅਤੇ 423 ਪ੍ਰਾਇਮਰੀ ਸਕੂਲਾਂ ਨੂੰ ਕਵਰ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਟੀਚਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਰੋਚਕ ਢੰਗ ਨਾਲ ਕੰਪਿਊਟਰ ਅਤੇ ਸਾਇੰਸ ਵਰਗੇ ਵਿਸ਼ਿਆਂ ਦੀ ਪ੍ਰੈਕਟੀਕਲ ਸਿੱਖਿਆ ਮੁਹੱਈਆ ਕਰਵਾਉਣਾ ਅਤੇ ਖ਼ਾਸ ਕਰਕੇ ਜ਼ਿਲ੍ਹੇ ਦੇ 106 ਮਿਡਲ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਰੈਗੂਲਰ ਸਟੱਡੀ ਨਾਲ ਜੋੜਨਾ ਹੈ। ਉਨ੍ਹਾਂ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਧਾਇਕ ਅੰਗਦ ਸਿੰਘ ਦੀ ਸੋਚ ਅਤੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਵੱਲੋਂ ਦਿਨ-ਰਾਤ ਕੀਤੀ ਮਿਹਨਤ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਅਮਰੀਕ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਹਰਮੇਸ਼ ਕੌਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਡਾ. ਗੁਰਨਾਮ ਸਿੰਘ ਸੈਣੀ, ਕੇਵਲ ਸਿੰਘ ਖਟਕੜ, ਜੋਗਿੰਦਰ ਸਿੰਘ ਭਗੌਰਾਂ ਜਤਿੰਦਰ ਕੌਰ ਅਤੇ ਹੋਰਨਾਂ ਸ਼ਖਸੀਅਤਾਂ ਤੋਂ ਇਲਾਵਾ ਨਵਾਂਸ਼ਹਿਰ ਅਤੇ ਰਾਹੋਂ ਦੇ ਕੌਂਸਲਰ, ਸੰਮਤੀ ਮੈਂਬਰ, ਪਿੰਡਾਂ ਦੇ ਸਰਪੰਚ-ਪੰਚ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ’ਚ ਹਾਜ਼ਰ ਸਨ।