World

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ 10 ਵਰ੍ਹੇ ਕੈਦ ਦੀ ਸਜ਼ਾ

ਇਸਲਾਮਾਬਾਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 10 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦ ਕਿ ਉਨ੍ਹਾਂ ਦੀ ਧੀ ਮਰੀਅਮ ਨੂੰ ਅਦਾਲਤ ਨੇ 7 ਵਰ੍ਹਿਆਂ ਲਈ ਜੇਲ੍ਰ ਭੇਜਿਆ ਹੈ। ਇਹ ਮਾਮਲਾ ਲੰਡਨ ਦੇ ਏਵਨਫ਼ੀਲਡ ਇਲਾਕੇ `ਚ ਮੌਜੂਦ ਚਾਰ ਫ਼ਲੈਟਾਂ ਦੀ ਮਲਕੀਅਤ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਹੈ।
ਬਚਾਅ ਪੱਖ ਦੇ ਵਕੀਲ ਮੁਹੰਮਦ ਔਰੰਗਜ਼ੇਬ ਨੇ ਦੱਸਿਆ ਕਿ ਦਰਅਸਲ ਲੰਡਨ `ਚ ਬਹੁਤ ਮਹਿੰਗੀਆਂ ਜਾਇਦਾਦਾਂ ਖ਼ਰੀਦੀਆਂ ਗਈਆਂ ਸਨ ਤੇ ਅਦਾਲਤ ਨੇ ਅੱਜ ਉਸੇ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ। ਸਰਕਾਰੀ ਵਕੀਲ ਸਰਦਾਰ ਮੁਜ਼ੱਫ਼ਰ ਅੱਬਾਸ ਨੇ ਇਹ ਵੀ ਦੱਸਿਆ ਕਿ ਅਦਾਲਤ ਨੇ ਉਹ ਸਾਰੀਆਂ ਜਾਇਦਾਦਾਂ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਫ਼ੈਸਲੇ ਦਾ ਅਸਰ ਪਾਕਿਸਤਾਨ `ਚ ਆਉਂਦੀ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ `ਤੇ ਵੀ ਪੈ ਸਕਦਾ ਹੈ ਕਿਉਂਕਿ ਹੁਣ ਵੋਟਾਂ ਪੈਣ `ਚ ਸਿਰਫ਼ ਤਿੰਨ ਕੁ ਹਫ਼ਤਿਆਂ ਦਾ ਸਮਾਂ ਰਹਿ ਗਿਆ ਹੈ।
ਇਸ ਵੇਲੇ ਨਵਾਜ਼ ਸ਼ਰੀਫ਼ ਤੇ ਮਰੀਅਮ ਦੋਵੇਂ ਲੰਡਨ `ਚ ਹਨ। ਮਰੀਅਮ ਦੀ ਮਾਂ ਤੇ ਨਵਾਜ਼ ਸ਼ਰੀਫ਼ ਹੁਰਾਂ ਦੀ ਪਤਨੀ ਕੁਲਸੂਮ ਨਵਾਜ਼ ਨੂੰ ਪਿਛਲੇ ਵਰ੍ਹੇ ਕੈਂਸਰ ਰੋਗ ਹੋਣ ਬਾਰੇ ਪਤਾ ਲੱਗਿਆ ਸੀ ਅਤੇ ਇਹ ਦੋਵੇਂ ਉਨ੍ਹਾਂ ਦੀ ਦੇਖਭਾਲ ਲਈ ਇੱਥੇ ਹਨ। ਉਹ ਦੋਵੇਂ ਲੰਡਨ ਤੋਂ ਪਾਕਿਸਤਾਨ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਅਦਾਲਤੀ ਸੁਣਵਾਈਆਂ `ਚ ਸ਼ਾਮਲ ਹੋਣ ਲਈ ਵੀ ਉਹ ਆਏ ਸਨ।
ਨਵਾਜ਼ ਸ਼ਰੀਫ਼ ਚਾਹੁੰਦੇ ਸਨ ਕਿ ਇਸ ਮਾਮਲੇ ਦਾ ਫ਼ੈਸਲਾ ਇੱਕ ਹਫ਼ਤਾ ਦੇਰੀ ਨਾਲ ਸੁਣਾਇਆ ਜਾਵੇ ਪਰ ਅਦਾਲਤ ਨੇ ਉਨ੍ਹਾਂ ਦੀ ਉਹ ਬੇਨਤੀ ਮੁੱਢੋਂ ਰੱਦ ਕਰ ਦਿੱਤੀ ਸੀ। ਸ੍ਰੀ ਸ਼ਰੀਫ਼ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਜਦੋਂ ਇਹ ਫ਼ੈਸਲਾ ਸੁਣਾਇਆ ਜਾ ਰਿਹਾ ਹੋਵੇ, ਤਦ ਉਹ ਅਦਾਲਤ `ਚ ਮੌਜੂਦ ਹੋਣ ਕਿਉਂਕਿ ਉਹ ਇਸ ਮਾਮਲੇ ਦੀਆਂ 100 ਤੋਂ ਵੱਧ ਸੁਣਵਾਈਆਂ `ਚ ਆਪਣੀ ਧੀ ਨਾਲ ਸ਼ਾਮਲ ਹੋ ਚੁੰਕੇ ਹਨ।
ਨਵਾਜ਼ ਸ਼ਰੀਫ਼ ਅਤੇ ਮਰੀਅਮ ਨੂੰ ਅਦਾਲਤ ਨੇ ਭਾਰੀ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਨਵਾਜ਼ ਸ਼ਰੀਫ਼ ਨੂੰ ਜਿੱਥੇ 1 ਕਰੋੜ ਡਾਲਰ ਜੁਰਮਾਨੇ ਵਜੋਂ ਅਦਾ ਕਰਨੇ ਹੋਣਗੇ, ਉੱਥੇ ਉਨ੍ਹਾਂ ਦੀ ਧੀ ਲਈ ਇਹ ਰਕਮ 26 ਲੱਖ ਰੁਪਏ ਰੱਖੀ ਗਈ ਹੈ।
ਅਦਾਲਤ ਦਾ ਇਹ ਫ਼ੈਸਲਾ 100 ਤੋਂ ਵੀ ਵੱਧ ਪੰਨਿਆਂ ਦਾ ਹੈ। ਇੱਥੇ ਵਰਨਣਯੋਗ ਹੈ ਕਿ ਜਦੋਂ ਪਨਾਮਾ ਦਸਤਾਵੇਜ਼ ਸਾਹਮਣੇ ਆਏ ਸਨ, ਤਦ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਬੱਚਿਆਂ ਖਿ਼ਲਾਫ਼ ਕੇਸ ਦਾਇਰ ਕੀਤੇ ਗਏ ਸਨ।