World

ਨਵਾਜ਼ ਸ਼ਰੀਫ਼ ਨੂੰ ਪਿਆ ਦਿਲ ਦਾ ਦੌਰਾ, ਹਾਲਤ ਨਾਜ਼ੁਕ

ਲਾਹੌਰ (ਪਾਕਿਸਤਾਨ)
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ਼ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਲਾਹੌਰ ਦੇ ਸਰਵਿਸੇਜ਼ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਉਨ੍ਹਾਂ ਦੀ ਪਾਰਟੀ ਦੇ ਬਹੁਤ ਸਾਰੇ ਸਮਰਥਕ ਉਨ੍ਹਾਂ ਦੇ ਨਾਲ ਹਨ।
ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਜ਼ਮਾਨਤ–ਅਰਜ਼ੀ ਕੱਲ੍ਹ ਮਨਜ਼ੂਰ ਕਰ ਦਿੱਤੀ ਸੀ। ਦਰਅਸਲ, ਸ੍ਰੀ ਸ਼ਰੀਫ਼ ਇਸ ਵੇਲੇ ਕਾਫ਼ੀ ਬੀਮਾਰ ਚੱਲ ਰਹੇ ਹਨ। ਉਨ੍ਹਾਂ ਦੇ ਸਰੀਰ ਅੰਦਰ ਪਲੇਟਲੈਟਸ ਦੀ ਗਿਣਤੀ ਵੀਰਵਾਰ ਨੂੰ ਘਟ ਕੇ ਸਿਰਫ਼ 6,000 ਰਹਿ ਗਈ ਸੀ।
69 ਸਾਲਾ ਸ੍ਰੀ ਨਵਾਜ਼ ਸ਼ਰੀਫ਼ ਨੂੰ ਲਾਹੌਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਚੀਫ਼ ਜਸਟਿਸ ਬਕਰ ਨਾਜ਼ਾਫ਼ੀ ਦੀ ਅਗਵਾਈ ਹੇਠਲੀ ਲਾਹੌਰ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ PML-N ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ; ਜਿਸ ਵਿੱਚ ਮਨੀ–ਲਾਂਡਰਿੰਗ ਦੇ ਇੱਕ ਮਾਮਲੇ ’ਚ NAB ਦੀ ਹਿਰਾਸਤ ਵਿੱਚ ਬੰਦ ਉਨ੍ਹਾਂ ਦੇ ਵੱਡੇ ਭਰਾ ਨੂੰ ਸਿਹਤ ਦੇ ਆਧਾਰ ’ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਸੀ ਤੇ ਉਹ ਬੇਨਤੀ ਪ੍ਰਵਾਨ ਕਰ ਲਈ ਗਈ।
ਸ੍ਰੀ ਸ਼ਰੀਫ਼ ਨੂੰ ਤੁਰੰਤ ਰਿਹਾਅ ਨਹੀਂ ਕੀਤਾ ਜਾ ਸਕੇਗਾ ਕਿਉ਼ਕਿ ਇਸਲਾਮਾਬਾਦ ਹਾਈ ਕੋਰਟ ਨੇ ਅਲ ਅਜ਼ੀਜ਼ੀਆ ਸਟੀਲ ਮਿਲ ਮਾਮਲੇ ’ਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਮੰਗਲਵਾਰ 29 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।
ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ੍ਰੀ ਨਵਾਜ਼ ਸ਼ਰੀਫ਼ ਦੇ ਵਕੀਲ ਅਸ਼ਤਾਰ ਔਸਫ਼ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।
NAB ਦੇ ਸਰਕਾਰੀ ਵਕੀਲ ਨੇ ਬਚਾਅ ਪੱਖ ਦੀ ਪਟੀਸ਼ਨ ਨੂੰ ਚੁਣੌਤੀ ਨਹੀਂ ਦਿੱਤੀ ਤੇ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਦੀ ਗੰਭੀਰ ਹਾਲਤ ਦਾ ਮਸਲਾ ਹੈ; ਇਸ ਲਈ ਉਹ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰਨਗੇ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ’ਚ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਬੀਮਾਰ ਭਰਾ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦੇਣ ਲਈ ਲਾਹੌਰ ਹਾਈ ਕੋਰਟ ਦਾ ਸ਼ੁਕਰੀਆ ਅਦਾ ਕੀਤਾ।