Punjab News

ਨੌਕਰੀ ਮਾਮਲਾ: ਅਕਾਲੀਆਂ ਨੇ ਕਾਂਗਰਸੀ ਵਿਧਾਇਕ ਦਾ ਮੂੰਹ ਮਿੱਠਾ ਕਰਵਾਇਆ

ਲੁਧਿਆਣਾ, 

ਕੈਪਟਨ ਸਰਕਾਰ ਵੱਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਲੜਕੇ ਨੂੰ ਸਰਕਾਰੀ ਨੌਕਰੀ ਦੇਣ ’ਤੇ ਅੱਜ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਸਾਊਥ ਸਿਟੀ ਸਥਿਤ ਵਿਧਾਇਕ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਕਰ ਕੇ ਵਿਧਾਇਕ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲੱਡੂ ਖਵਾਏ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਨੇ ਵਿਧਾਇਕ ਪਾਂਡੇ ਦੇ ਲੜਕੇ ਨੂੰ ਸਰਕਾਰੀ ਨੌਕਰੀ ਛੱਡ ਕੇ ਹਜ਼ਾਰਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ, ਜੋ ਰੁਜ਼ਗਾਰ ਪ੍ਰਾਪਤੀ ਲਈ ਰੋਜ਼ਾਨਾ ਸੰਘਰਸ਼ ਕਰ ਰਹੇ ਹਨ। 

 ਇਸ ਮੌਕੇ ਵਿਧਾਇਕ ਪਾਂਡੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪੁੱਤਰ ਨੂੰ ਇਹ ਨੌਕਰੀ ਲਾਲਚ ਦੇਣ ਜਾਂ ਉਨ੍ਹਾਂ ਵੱਲੋਂ ਮੰਗਣ ’ਤੇ ਨਹੀਂ ਸਗੋਂ ਸਰਕਾਰੀ ਨੀਤੀ ਮੁਤਾਬਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਮਾੜੇ ਦੌਰ ਦੌਰਾਨ ਆਪਣੀਆਂ ਕੀਮਤੀ ਜ਼ਿੰਦਗੀਆਂ ਗਵਾਉਣ ਵਾਲੇ ਸੈਂਕੜੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ। 

ਇਸ ਦੌਰਾਨ ਵਰਕਰਾਂ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ  ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਦਿੱਤੀ ਗਈ ਤਹਿਸੀਲਦਾਰ ਦੀ ਨੌਕਰੀ ਦੀ ਪੇਸ਼ਕਸ਼ ਪ੍ਰਵਾਨ ਨਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਦਰ ਦਰ ’ਤੇ ਠੋਕਰਾਂ ਖਾ ਰਹੇ ਹਨ ਪਰ ਸਰਕਾਰ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਬਿਨਾਂ ਕਿਸੇ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇ ਵਿਧਾਇਕ ਪਾਂਡੇ ਨੇ ਆਪਣੇ ਪੁੱਤਰ ਲਈ ਮਿਲੀ ਤਹਿਸੀਲਦਾਰ ਦੀ ਨੌਕਰੀ ਨਾ ਠੁਕਰਾਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਏਸੀਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਪ੍ਰਭਜੋਤ ਸਿੰਘ ਧਾਲੀਵਾਲ, ਰਖਵਿੰਦਰ ਸਿੰਘ ਗਾਬੜੀਆ, ਗੁਰਪ੍ਰੀਤ ਸਿੰਘ ਬੱਬਲ, ਹਰਪ੍ਰੀਤ ਸਿੰਘ ਬੇਦੀ, ਸਤਨਾਮ ਸਿੰਘ ਕੈਲੇ ਸਮੇਤ ਕਈ ਆਗੂ ਹਾਜ਼ਰ ਸਨ।