India News

ਪਰਗਟ ਸਿੰਘ ਨੇ ਅਮਰਿੰਦਰ ਸਰਕਾਰ ਦੀ ਕਾਰਜ–ਪ੍ਰਣਾਲੀ ’ਤੇ ਉਠਾਏ ਗੰਭੀਰ ਸੁਆਲ

 ਚੰਡੀਗੜ੍ਹ

ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਸਾਬਕਾ ਹਾਕੀ ਖਿਡਾਰੀ ਤੇ ਪੰਜਾਬ ’ਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਕਾਰਜ–ਪ੍ਰਣਾਲੀ ਉੱਤੇ ਸੁਆਲ ਉਠਾਏ ਹਨ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਚਿੱਠੀ ਲਿਖੀ ਹੈ।

ਪਰਗਟ ਸਿੰਘ ਹੁਰਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਸਰਕਾਰ ਨੇ ਜਿਹੜੇ ਵਾਅਦੇ ਚੋਣਾਂ ਵੇਲੇ ਕੀਤੇ ਸਨ, ਉਹ ਵਾਅਦੇ ਪੂਰੇ ਕਰਨ ’ਚ ਸਰਕਾਰ ਨਾਕਾਮ ਰਹੀ ਹੈ

ਜਲੰਧਰ ਤੋਂ ਵਿਧਾਇਕ ਸ੍ਰੀ ਪਰਗਟ ਸਿੰਘ ਨੇ ਆਪਣੀ ਚਿੱਠੀ ’ਚ ਲਿਖਿਆ ਹੈ ਕਿ 2017 ਦੀਆਂ ਚੋਣਾਂ ’ਚ ਜਨਤਾ ਨੇ ਕਾਂਗਰਸ ਨੂੰ ਭਾਰੀ ਸੀਟਾਂ ਦੇ ਫ਼ਰਕ ਨਾਲ ਜਿਤਾਇਆ ਪਰ ਸਰਕਾਰ ਨਾ ਤਾਂ ਡ੍ਰੱਗ ਮਾਫ਼ੀਆ ਨੂੰ ਕਾਬੂ ਕਰ ਸਕੀ ਤੇ ਨਾ ਹੀ ਰੇਤ ਮਾਫ਼ੀਆ ਨੂੰ ਹੀ ਰੋਕ ਸਕੀ।

ਪਰਗਟ ਸਿੰਘ ਨੇ ਪੰਜਾਬ ਸਰਕਾਰ ’ਤੇ ਸੁਆਲ ਉਠਾਉਂਦਿਆਂ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਕੀਤੇ ਵਾਅਦੇ ਸਰਕਾਰ ਪੂਰੇ ਨਹੀਂ ਕਰ ਸਕੀ।

ਚੇਤੇ ਰਹੇ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦਾ ਠੀਕਰਾ ਨਵਜੋਤ ਸਿੱਧੂ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਹੀ ਇਹ ਦੋਸ਼ ਵੀ ਲਾਇਆ ਸੀ ਕਿ ਸਿੱਧੂ ਉਨ੍ਹਾਂ ਦੀ ਕੁਰਸੀ ’ਤੇ ਨਜ਼ਰਾਂ ਗੱਡੀ ਬੈਠੇ ਹਨ।

ਉਸ ਤੋਂ ਬਾਅਦ ਸ੍ਰੀ ਸਿੱਧੂ ਲਗਾਤਾਰ ਕੈਪਟਨ ਦੇ ਨਿਸ਼ਾਨੇ ’ਤੇ ਹਨ। ਕੈਪਟਨ ਨੇ ਉਨ੍ਹਾਂ ਦਾ ਮੰਤਰਾਲਾ ਬਦਲ ਦਿੱਤਾ ਸੀ; ਜਿਸ ਕਾਰਨ ਉਹ ਨਾਰਾਜ਼ ਹੋ ਕੇ ਅਸਤੀਫ਼ਾ ਦੇ ਗਏ ਸਨ।

ਪਰਗਟ ਸਿੰਘ ਨੇ ਆਪਣੀ ਚਿੱਠੀ ਦੀ ਕਾਪੀ ਕਾਂਗਰਸ ਦੇ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਭੇਜੀ ਹੈ ਤੇ ਇਹ ਚਿੱਠੀ ਇੱਕ ਮਹੀਨਾ ਪਹਿਲਾਂ ਲਿਖੀ ਗਈ ਸੀ। ‘ਹਿੰਦੁਸਤਾਨ ਟਾਈਮਜ਼’ ਨੂੰ ਇਸ ਚਿੱਠੀ ਦੇ ਕੁਝ ਹਿੱਸੇ ਐਤਵਾਰ ਨੂੰ ਮਿਲੇ ਸਨ। ਜਦੋਂ ਸ੍ਰੀ ਪਰਗਟ ਸਿੰਘ ਹੁਰਾਂ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨਾ ਤਾਂ ਇਸ ਚਿੱਠੀ ਤੋਂ ਇਨਕਾਰ ਕੀਤਾ ਤੇ ਨਾ ਹੀ ਉਸ ਦੀ ਪੁਸ਼ਟੀ ਕੀਤੀ।

ਬਹੁ–ਕਰੋੜੀ ਸਿੰਜਾਈ ਘੁਟਾਲੇ ਦਾ ਜ਼ਿਕਰ ਕਰਦਿਆਂ ਸ੍ਰੀ ਪਰਗਟ ਸਿੰਘ ਨੇ ਸੁਆਲ ਕੀਤਾ ਹੈ ਕਿ ਆਖ਼ਰ ਇਸ ਮਾਮਲੇ ਦੀ ਜਾਂਚ ਇੱਕ ਠੇਕੇਦਾਰ ਗੁਰਿੰਦਰ ਸਿੰਘ ਤੋਂ ਅਗਾਂਹ ਕਿਉਂ ਨਹੀਂ ਜਾ ਰਹੀ।

ਇਸ ਦੇ ਨਾਲ ਹੀ ਪਰਗਟ ਸਿੰਘ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਘੁਟਾਲੇ ਨੂੰ ਵੀ ਚੇਤੇ ਕਰਵਾਇਆ ਹੈ ਤੇ ਕਿਹਾ ਹੈ ਕਿ ਆਪਣੇ ਪਹਿਲੇ 2002 ਤੋਂ 2007 ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਭ੍ਰਿਸ਼ਟ ਸਿਆਸੀ ਆਗੂਆਂ ਸਮੇਤ ਭ੍ਰਿਸ਼ਟ ਅਧਿਕਾਰੀਆਂ ਨੂੰ ਵੀ ਜੇਲ੍ਹੀਂ ਡੱਕਿਆ ਸੀ ਪਰ ਹੁਣ ਸਿੰਜਾਈ ਘੁਟਾਲੇ ’ਚ ਠੇਕੇਦਾਰ ਨੇ ਜਿਨ੍ਹਾਂ ਦੇ ਨਾਂਅ ਲਏ ਹਨ, ਉਨ੍ਹਾਂ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ। ਪਰਗਟ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।