India News

ਪਰਮੀਸ਼ ਵਰਮਾ ਤੋਂ ਬਾਅਦ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ

ਚੰਡੀਗੜ੍ਹ — ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਹੀ ਵਟਸਐਪ ਦੇ ਜ਼ਰੀਏ ਗਿੱਪੀ ਗਰੇਵਾਲ ਨੂੰ ਧਮਕੀ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਵੀਡੀਓ ਐਡੀਟਰ ਪਰਮੀਸ਼ ਵਰਮਾ ‘ਤੇ ਹਮਲਾ ਕੀਤਾ ਸੀ। ਉਸ ਨੇ ਪਰਮੀਸ਼ ਵਰਮਾ ਦੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨ ਮੋਹਾਲੀ ਦੇ ਹਸਪਤਾਲ ‘ਚ ਰਹਿਣਾ ਪਿਆ ਸੀ। ਦਿਲਪ੍ਰੀਤ ਬਾਬੇ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਕੇ ਇਸ ਹਮਲੇ ਦੀ ਜਿੰਮੇਵਾਰੀ ਆਪਣੇ ‘ਤੇ ਲਈ ਸੀ। ਕੁਝ ਹੀ ਦਿਨ ਪਹਿਲਾਂ ਹੀ ਗੈਂਗਸਟਰ ਦਿਲਪ੍ਰੀਤ ਬਾਬੇ ਨੇ ਨੰਗਲ ਦੇ ਇਕ ਵਪਾਰੀ ਨੂੰ ਵੀ ਧਮਕੀ ਦੇ ਕੇ ਉਸ ਕੋਲੋ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਵਪਾਰੀ ਨੇ ਇਸ ਸੰਬੰਧੀ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਪੰਜਾਬੀ ਗਾਇਕ ਬਲਕਾਰ ਸਿੱਧੂ ਤੇ ਰਾਏ ਜੁਝਾਰ ਨੂੰ ਵੀ ਧਮਕੀਆਂ ਮਿਲੀਆਂ।