India News

ਪਾਕਿਸਤਾਨ ਜਾਣ ਤੋਂ ਪਹਿਲਾਂ ਜੰਮੂ ’ਚ ਟਰਾਂਸਪੋਰਟਰ ਸੀ ਰਣਜੀਤ ਸਿੰਘ ਨੀਟਾ

ਚੰਡੀਗੜ੍ਹ
ਪੰਜਾਬ ਵਿੱਚ ਡ੍ਰੋਨ ਹਵਾਈ ਜਹਾਜ਼ਾਂ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਸੁਟਵਾਉਣ ਤੇ ਦਹਿਸ਼ਤਗਰਦਾਂ/ਅੱਤਵਾਦੀਆਂ ਨੂੰ ਅੰਦਰਖਾਤੇ ਸਰਗਰਮ ਰੱਖਣ ਲਈ ਅਸਲ ’ਚ ਪਾਬੰਦੀਸ਼ੁਦਾ ਦਹਿਸ਼ਤਗਰਦ ਸਮੂਹ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਦੇ ਮੁਖੀ ਰਣਜੀਤ ਸਿੰਘ ਨੀਟਾ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਨੀਟਾ ਅਸਲ ’ਚ ਜੰਮੂ ਦਾ ਜੰਮਪਲ਼ ਹੈ ਤੇ 1990ਵਿਆਂ ਦੌਰਾਨ ਅੱਤਵਾਦੀਆਂ ਨਾਲ ਮਿਲਣ ਤੇ ਅੰਤ ’ਚ ਫ਼ਰਾਰ ਹੋ ਕੇ ਪਾਕਿਸਤਾਨ ਜਾ ਵੱਸਣ ਤੋਂ ਪਹਿਲਾਂ ਉਹ ਇੱਕ ਟਰਾਂਸਪੋਰਟਰ ਸੀ।
ਖ਼ੁਫ਼ੀਆ ਰਿਪੋਰਟਾਂ ਮੁਤਾਬਕ ਇਸ ਵੇਲੇ ਰਣਜੀਤ ਸਿੰਘ ਨੀਟਾ ਆਪਣੀ ਉਮਰ ਦੇ 60ਵਿਆਂ ’ਚ ਹੈ ਤੇ ਲਾਹੌਰ ਵਿਖੇ ਇੱਕ ਸ਼ਾਨਦਾਰ ਬੰਗਲੇ ’ਚ ਰਹਿ ਰਿਹਾ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਉਸ ਨੂੰ ਪੂਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹੋਈਆਂ ਹਨ। ਉਹ ਉੱਥੋਂ ਖ਼ਾਲਿਸਤਾਨ ਦੀ ਮੁਹਿੰਮ ਚਲਾਉਣ ਦਾ ਦਾਅਵਾ ਕਰਦਾ ਹੈ। ਯੂਰੋਪ ਤੋਂ ਉਸ ਨੂੰ ਖ਼ਾਲਿਸਤਾਨੀ ਅੱਤਵਾਦੀਆਂ ਦੀ ਕਾਫ਼ੀ ਹਮਾਇਤ ਮਿਲਦੀ ਹੈ। ਸਾਲ 2005 ਦੌਰਾਨ ਯੂਰੋਪੀਅਨ ਯੂਨੀਅਨ ਨੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਉੱਤੇ ਪਾਬੰਦੀ ਲਾ ਦਿੱਤੀ ਸੀ।
ਹੁਣ ਖ਼ਾਲਿਸਤਾਨੀ ਤੇ ਕਸ਼ਮੀਰੀ ਅੱਤਵਾਦੀਆਂ ਵਿਚਾਲੇ ਤਾਲਮੇਲ ਬਿਠਾਉਣ ਦਾ ਕੰਮ ਵੀ ਆਈਐੱਸਆਈ ਵੱਲੋਂ ਕੀਤਾ ਗਿਆ ਦੱਸਿਆ ਜਾਂਦਾ ਹੈ। ਰਣਜੀਤ ਸਿੰਘ ਨੀਟਾ ਵਰਗੇ 20 ਕੁ ਜਣੇ ਹੋਰ ਵੀ ਹਨ; ਜਿਹੜੇ ਇਸ ਵੇਲੇ ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਹਨ ਤੇ ਵੱਖੋ–ਵੱਖਰੇ ਅੱਤਵਾਦੀ ਮਾਮਲਿਆਂ ਵਿੱਚ ਉਹ ਕਾਨੂੰਨ ਨੂੰ ਲੋੜੀਂਦੇ ਹਨ।
ਆਮ ਜਨਤਾ ਵਿੱਚ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦਾ ਕੋਈ ਆਧਾਰ ਨਹੀਂ ਹੈ। ਉਂਝ 1990ਵਿਆਂ ਦੌਰਾਨ ਪਾਕਿਸਤਾਨੀ ਹਮਾਇਤ ਨਾਲ ਕੁਝ ਦਹਿਸ਼ਤਗਰਦ ਕਾਰਵਾਈਆਂ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜੱਥੇਬੰਦੀ ਕੁਝ ਚਰਚਾ ਦਾ ਕੇਂਦਰ ਜ਼ਰੂਰ ਬਣੀ ਸੀ। ਨੀਟਾ ਵਿਰੁੱਧ ਅੱਧੀ ਦਰਜਨ ਤੋਂ ਵੀ ਵੱਧ ਐੱਫ਼ਆਈਆਰਜ਼ ਦਰਜ ਹਨ। ਉਸ ਦੀ ਜੱਥੇਬੰਦੀ ਉੱਤੇ ਜੰਮੂ ਤੇ ਪਠਾਨਕੋਟ ਵਿਚਾਲੇ ਰੇਲ–ਗੱਡੀਆਂ ਤੇ ਬੱਸਾਂ ਵਿੱਚ ਬੰਬ ਧਮਾਕੇ ਕਰਨ, ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਧਾਰਮਿਕ ਆਗੂ ਰਾਮਾਨੰਦ ਦਾ ਆਸਟ੍ਰੀਆ ਦੀ ਰਾਜਧਾਨੀ ਵੀਐਨਾ ’ਚ ਕਤਲ ਕਰਨ ਦੇ ਦੋਸ਼ ਹਨ। ਜਰਮਨੀ ’ਚ ਰਹਿੰਦੇ ਗੁਰਮੀਤ ਸਿੰਘ ਬੱਗਾ ਉਰਫ਼ ਬੱਗਾ ਦਾ ਵੀ ਪੰਜਾਬ ਵਿੱਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਚਾਲੂ ਰੱਖਣ ਪਿੱਛੇ ਹੱਥ ਦੱਸਿਆ ਜਾ ਰਿਹਾ ਹੈ।