India News

ਪਾਕਿਸਤਾਨ ਦੇ 88 ਕਿਲੋਮੀਟਰ ਅੰਦਰ ਜਾ ਕੇ ਕੀਤਾ ਹਮਲਾ, ਹੁਣ ਤੱਕ 325 ਅੱਤਵਾਦੀ ਢੇਰ

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੀ ਹੱਦ ਅੰਦਰ ਵੜ ਕੇ ਵੱਡੀ ਕਾਰਵਾਈ ਕੀਤੀ ਹੈ। ਹੁਣ ਤੱਕ ਹਾਸਲ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫੌਜ ਦੀ ਕਾਰਵਾਈ ਵਿੱਚ 325 ਅੱਤਵਾਦੀ ਮਾਰੇ ਗਏ ਹਨ। ਹਮਲੇ ਵਿੱਚ 25 ਟ੍ਰੇਨਰ ਵੀ ਮਾਰੇ ਗਏ ਜੋ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੰਦੇ ਸਨ। ਇਸ ਤੋਂ ਇਲਾਵਾ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜਹਰ ਦਾ ਸਾਲਾ ਯੂਸਫ ਅਜਹਰ ਵੀ ਮਾਰਿਆ ਗਿਆ।
ਭਾਰਤੀ ਫੌਜ ਨੇ ਇਹ ਕਾਰਵਾਈ ਇੰਟੈਲੀਜੈਂਸ ਦੀ ਪੁਖਤਾ ਜਾਣਕਾਰੀ ਦੇ ਆਧਾਰ ‘ਤੇ ਕੀਤੀ ਹੈ। ਇੰਟੈਲੀਜੈਂਸ ਦੀ ਜਾਣਕਾਰੀ ਮੁਤਾਬਕ ਹੀ ਮੌਤਾਂ ਦੀ ਗਿਣਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਸੈਨਾ ਵੱਲੋਂ ਕੀਤੇ ਧਮਾਕੇ ਭੂਚਾਲ ਵਾਂਗ ਸਨ। ਧਰਤੀ ਹਿੱਲ ਗਈ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।
ਇਸ ਹਮਲੇ ਵਿੱਚ 12 ਮਿਰਾਜ-2000 ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦੇਣ ਲਈ ਕਈ ਡ੍ਰੋਨ ਕੈਮਰਿਆਂ ਦੀ ਵੀ ਵਰਤੋਂ ਕੀਤੀ ਗਈ। ਇਨ੍ਹਾਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਇਹ ਹਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ‘ਚ ਬਾਲਾਕੋਟ ਵਿੱਚ ਕੀਤਾ ਗਿਆ। ਬਾਲਾਕੋਟ ਇਸਲਾਮਾਬਾਦ ਤੋਂ ਕਰੀਬ 160 ਕਿਮੀ ਦੂਰ ਹੈ। ਇਹ ਐਲਓਸੀ ਤੋਂ 88 ਕਿਮੀ ਦੂਰ ਹੈ। ਉਂਝ ਇਸ ਹਮਲੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਅੱਜ ਪਾਕਿਸਤਾਨੀ ਸੰਸਦ ਵਿੱਚ ਵੀ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪਾਕਿਸਤਾਨੀ ਮੀਡੀਆ ਵਿੱਚ ਖਬਰਾਂ ਨਾਲ ਵੀ ਪਾਕਸਤਾਨ ਸਰਕਾਰ ‘ਤੇ ਬਦਲੇ ਦੀ ਕਾਰਵਾਈ ਦਾ ਦਬਾਅ ਬਣ ਰਿਹਾ ਹੈ।