India News

ਪਾਕਿ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਪੀ.ਐੱਮ. ਮੋਦੀ ਨੇ ਇਮਰਾਨ ਨੂੰ ਦਿੱਤਾ ਗੱਲਬਾਤ ਦਾ ਸੱਦਾ

ਨਵੀਂ ਦਿੱਲੀ/ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਕੈਬਨਿਟ ਦੇ ਮੰਤਰੀਆਂ ਦੀ ਚੋਣ ਕਰ ਲਈ ਹੈ। ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ। ਸੋਮਵਾਰ ਨੂੰ ਸਹੁੰ ਚੁੱਕਣ ਮਗਰੋਂ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮਰਾਨ ਖਾਨ ਨੂੰ ਚਿੱਠੀ ਲਿਖ ਕੇ ਗੱਲਬਾਤ ਦਾ ਸੱਦਾ ਦਿੱਤਾ ਹੈ। ਭਾਰਤ ਸਰਕਾਰ ਨੇ ਕੁਰੈਸ਼ੀ ਦੇ ਇਸ ਦਾਅਵੇ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ।

ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਚਿੱਠੀ ਵਿਚ ਇਮਰਾਨ ਖਾਨ ਨੂੰ ਨਵੀਂ ਜ਼ਿੰਮੇਵਾਰੀ ਨੂੰ ਸਕਾਰਾਤਮਕ ਦਿਸ਼ਾ ਵਿਚ ਅੱਗੇ ਵਧਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਹੈ। ਇਸ ਵਿਚ ਰਸਮੀ ਤੌਰ ‘ਤੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਕੇ ਗੱਲਬਾਤ ਲਈ ਸੱਦਾ ਦੇਣ ਵਾਲਾ ਕੋਈ ਪ੍ਰਸਤਾਵ ਨਹੀਂ ਦਿੱਤਾ ਗਿਆ ਹੈ। ਮਹਿਮੂਦ ਕੁਰੈਸ਼ੀ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪਾਕਿਸਤਾਨ ਕੋਲ ਪਰਮਾਣੂ ਤਾਕਤ ਹੈ ਅਤੇ ਕੋਈ ਦੇਸ਼ ਸਾਡੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕਦਾ। ਕੁਰੈਸ਼ੀ ਨੇ ਕਿਹਾ ਕਿ ਅਸੀਂ ਕਿਸੇ ਦੇਸ਼ ਦੇ ਗੁਆਂਢੀ ਨਹੀਂ ਸਗੋਂ ਪਰਮਾਣੂ ਤਾਕਤ ਰੱਖਣ ਵਾਲਿਆਂ ਵਿਚੋਂ ਇਕ ਹਾਂ। ਇਸ ਦੇ ਇਲਾਵਾ ਕੁਰੈਸ਼ੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਗੱਲਬਾਤ ਤੋਂ ਇਲਾਵਾ ਦੂਜਾ ਵਿਕਲਪ ਨਹੀਂ ਹੈ।

ਇੱਥੇ ਦੱਸ ਦਈਏ ਕਿ ਪੀ.ਐੱਮ. ਮੋਦੀ ਨੇ ਆਪਣੇ ਹਮਰੁਤਬਾ ਨੂੰ ਵਧਾਈ ਦਿੰਦੇ ਹੋਏ ਚਿੱਠੀ ਵਿਚ ਲਿਖਿਆ ਸੀ ਕਿ ਤੁਹਾਨੂੰ ਮਿਲਿਆ ਜਨਮਤ ਇਸ ਗੱਲ ਦਾ ਪ੍ਰਤੀਕ ਹੈ ਕਿ ਜਨਤਾ ਨੂੰ ਤੁਹਾਡੀ ਲੀਡਰਸ਼ਿਪ ਵਿਚ ਵਿਸ਼ਵਾਸ ਹੈ। ਭਾਰਤ ਇਕ ਗੁਆਂਢੀ ਦੇ ਰੂਪ ਵਿਚ ਸ਼ੁਰੂ ਤੋਂ ਹੀ ਚੰਗੇ ਸੰਬੰਧਾਂ ਲਈ ਵਚਨਬੱਧ ਹੈ। ਚਿੱਠੀ ਵਿਚ ਮੋਦੀ ਨੇ ਇਮਰਾਨ ਖਾਨ ਨੂੰ ਖੇਤਰ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਗੱਲ ਕਹੀ ਹੈ।