World

ਪਿਓ ਨੇ ਹੱਥੀਂ ਕੀਤਾ ਧੀ ਦਾ ਕਤਲ, ਸਤੰਬਰ ‘ਚ ਹੋਣਾ ਸੀ ਵਿਆਹ

ਵਾਸ਼ਿੰਗਟਨ— ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਇਕ ਪਿਤਾ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਐਤਵਾਰ ਨੂੰ 62 ਸਾਲਾ ਰੋਗਰ ਸੈਲਫ ਨੇ ਆਪਣੀ ਧੀ ਕੈਟੇਲਾਇਨ ਸੈਲਫ ਅਤੇ ਇਕ ਹੋਰ ‘ਤੇ ਗੱਡੀ ਚੜ੍ਹਾ ਕੇ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰੋਗਰ ਆਪਣੇ ਪਰਿਵਾਰ ਨਾਲ ਕੈਟੇਲਾਇਨ ਸੈਲਫ ਦੇ ਵਿਆਹ ਦੀ ਤਰੀਕ ਨਿਸ਼ਚਿਤ ਕਰਨ ਲਈ ਗਿਆ ਸੀ। ਉਸ ਨੇ ਰੈਸਟੋਰੈਂਟ ਦੇ ਅਗਲੇ ਦਰਵਾਜ਼ੇ ਕੋਲ ਸਾਰਿਆਂ ਨੂੰ ਬੈਠਾਇਆ ਅਤੇ ਆਪ ਬਾਹਰ ਚਲਾ ਗਿਆ। ਪੁਲਸ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਇਸ ਮਗਰੋਂ ਰੋਗਰ ਆਪਣੀ ਗੱਡੀ ‘ਚ ਬੈਠਾ ਅਤੇ ਬਹੁਤ ਤੇਜ਼ ਸਪੀਡ ‘ਚ ਗੱਡੀ ਲੈ ਕੇ ਆਇਆ । ਉਸ ਨੇ ਆਪਣੇ ਪਰਿਵਾਰ ‘ਤੇ ਗੱਡੀ ਚੜ੍ਹਾ ਦਿੱਤੀ। ਇਸ ਦੌਰਾਨ ਉਸ ਦੀ ਧੀ ਅਤੇ ਨੇੜਲੇ ਟੇਬਲ ‘ਤੇ ਬੈਠੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਰੋਗਰ ਨੂੰ ਦੋ ਵਿਅਕਤੀਆਂ ਦਾ ਕਤਲ ਕਰਨ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਰੋਗਰ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਇਸੇ ਕਾਰਨ ਉਸ ਨੇ ਅਜਿਹਾ ਕੀਤਾ। ਇੱਥੇ ਬੈਠੇ ਹੋਰ ਕਈ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਗੈਸਟਨ ਕਾਊਂਟੀ ਪੁਲਸ ਅਧਿਕਾਰੀ ਅਤੇ ਗੈਸਟੋਨੀਆ ਪੁਲਸ ਅਧਿਕਾਰੀ ਵੀ ਜ਼ਖਮੀ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਕੈਟੇਲਾਇਨ ਸੈਲਫ ‘ਗੈਸਟਨ ਕਾਊਂਟੀ ਸ਼ੈਰਿਫ ਦਫਤਰ’ ‘ਚ ਨੌਕਰੀ ਕਰਦੀ ਸੀ। ਉਸ ਸਮੇਂ ਉਹ ਆਫ ਡਿਊਟੀ ਸੀ ਅਤੇ ਆਪਣੇ ਪਰਿਵਾਰ ਨਾਲ ਘੁੰਮਣ ਆਈ ਸੀ।
ਪਰਿਵਾਰ ਨੇ ਦੱਸਿਆ ਕਿ ਉਹ 4 ਸਾਲਾਂ ਤੋਂ ਨੌਕਰੀ ਕਰ ਰਹੀ ਸੀ। ਸਾਰਾ ਪਰਿਵਾਰ ਉਸ ਦੇ ਮੰਗੇਤਰ ਨਾਲ ਸਤੰਬਰ ‘ਚ ਵਿਆਹ ਦੀ ਤਰੀਕ ਤੈਅ ਕਰਨ ਲਈ ਇਕੱਠਾ ਹੋਇਆ ਸੀ। ਰੋਗਰ ਨੂੰ ਅਦਾਲਤ ‘ਚ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।