UK News

ਪੀ.ਐੱਮ. ਬੋਰਿਸ ਜਾਨਸਨ ਵੱਲੋਂ ਸਕਾਟਲੈਂਡ ਦੇ ਪੁਲਸ ਮੁਖੀ ਨੂੰ ਕੋਪ 26 ਲਈ ਫੰਡਿੰਗ ਦਾ ਭਰੋਸਾ

ਗਲਾਸਗੋ/ਲੰਡਨ : ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਸਕਾਟਲੈਂਡ ਦੌਰੇ ਦੌਰਾਨ ਨਵੰਬਰ ਮਹੀਨੇ ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਸੰਮੇਲਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀਆਂ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਸਕਾਟਲੈਂਡ ਪੁਲਸ ਦੇ ਮੁਖੀ ਇਅਨ ਲਿਵਿੰਗਸਟਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸੰਮੇਲਨ ਲਈ ਪੁਲਿਸ ਪ੍ਰਬੰਧਾਂ ਲਈ ਫੰਡਾਂ ਦਾ ਭਰੋਸਾ ਦਿੱਤਾ ਅਤੇ ਸਕਾਟਲੈਂਡ ਪੁਲਸ ਦੇ ਮੁਖੀ ਨੇ ਬੋਰਿਸ ਜਾਨਸਨ ਦੀ ਫੰਡਾਂ ਬਾਰੇ ਪੁਸ਼ਟੀ ਦਾ ਸਵਾਗਤ ਕੀਤਾ ਹੈ। 

ਕੋਪ 26 ਸੰਮੇਲਨ ਵਿੱਚ ਵਿਦੇਸ਼ਾਂ ਤੋਂ ਹਜ਼ਾਰਾਂ ਪ੍ਰਤੀਨਿਧੀ, ਰਾਜ ਅਤੇ ਵਾਤਾਵਰਣ ਸੰਗਠਨਾਂ ਦੇ ਮੁਖੀ ਨਵੰਬਰ ਵਿੱਚ ਗਲਾਸਗੋ ਪਹੁੰਚਣਗੇ ਅਤੇ ਇਸਦੀ ਸੁਰੱਖਿਆ ਦੀ ਜਿੰਮੇਵਾਰੀ ਸਕਾਟਲੈਂਡ ਪੁਲਸ ਦੀ ਹੋਵੇਗੀ। ਇਅਨ ਲਿਵਿੰਗਸਟਨ ਨੇ ਪ੍ਰਧਾਨ ਮੰਤਰੀ ਨਾਲ ਫਾਈਫ ਵਿੱਚ ਸਕਾਟਲੈਂਡ ਪੁਲਸ ਦੇ ਟੁਲੀਐਲਨ ਟ੍ਰੇਨਿੰਗ ਕਾਲਜ ਵਿੱਚ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13 ਦਿਨਾਂ ਦੇ ਪ੍ਰੋਗਰਾਮ ਦੇ ਨਤੀਜੇ ਵਜੋਂ ਫੋਰਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਜਾਨਸਨ ਨੇ ਕਿਹਾ ਸਰਕਾਰ ਪੁਲਸ ਨੂੰ ਫੰਡ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 

ਇਸ ਸੰਮੇਲਨ ਦੌਰਾਨ ਯੂਕੇ ਭਰ ਤੋਂ 7000 ਹੋਰ ਪੁਲਸ ਅਧਿਕਾਰੀ ਸਕਾਟਲੈਂਡ ਪੁਲਸ ਦੀ ਸਹਾਇਤਾ ਕਰਨਗੇ ਅਤੇ ਵਿਸ਼ੇਸ਼ ਹਾਲਾਤ ਦੇ ਅਧਾਰ ‘ਤੇ ਗਿਣਤੀ ਵੱਧ ਜਾਂ ਘੱਟ ਸਕਦੀ ਹੈ। ਪੁਲਸ ਮੁਖੀ ਅਨੁਸਾਰ ਕੋਪ 26 ਦੌਰਾਨ ਸੁਰੱਖਿਆ ਲਈ ਰੋਜ਼ਾਨਾ ਲਗਭਗ 10,000 ਅਧਿਕਾਰੀ ਸ਼ਾਮਲ ਹੋਣਗੇ।