Punjab News

ਪੂਰੀ ਦੁਨੀਆ ਮੁਜ਼ੱਫਰਨਗਰ ‘ਚ ਅੰਨਦਾਤੇ ਦੇ ਇਤਿਹਾਸਕ ਇਕੱਠ ਨੂੰ ਕਰ ਰਹੀ ਹੈ ਸਿਜਦਾ : ਸੁਖਬੀਰ

ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਲਗਾਤਾਰ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਉਨ੍ਹਾਂ ਵੱਲੋਂ ਅੱਜ ਫਿਰ ਇਕ ਪੋਸਟ ਰਾਹੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਕਿਸਾਨਾਂ ਦੇ ਹੋਏ ਭਾਰੀ ਇੱਕਠ ਨੂੰ ਹੰਕਾਰੀ ਕੇਂਦਰ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਦੱਸਿਆ ਹੈ। 

ਉਨ੍ਹਾਂ ਆਪਣੇ ਫੇਸਬੁੱਕ ਪੇਜ ਰਾਹੀਂ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਲਿਖਿਆ ਕਿ ਪੂਰੀ ਦੁਨੀਆ ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਅੰਨਦਾਤੇ ਦੇ ਇਤਿਹਾਸਕ ਇਕੱਠ ਨੂੰ ਸਿਜਦਾ ਕਰ ਰਹੀ ਹੈ, ਜਿਸ ਨੇ ਹੰਕਾਰੀ ਕੇਂਦਰ ਸਰਕਾਰ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੇ ਇਕ ਵਾਰ ਫਿਰ ਦਿਖਾ ਦਿੱਤਾ ਕਿ ਬੰਜਰ ਜ਼ਮੀਨ ‘ਚੋਂ ਅੰਨ ਉਗਾਉਣਾ ਅਤੇ ਆਪਣੇ ਹੱਕ ਲੈਣੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦੇ ਹਨ।

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਮਹਾਪੰਚਾਇਤ ’ਚ ਸ਼ਾਮਲ ਹੋਣ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਉਥੇ ਲਗਭਗ 20 ਲੱਖ ਕਿਸਾਨਾਂ ਨੇ ਹਾਜ਼ਰੀ ਭਰੀ। ਇਸ ਦਾ ਪ੍ਰਗਟਾਵਾ ਕਿਸਾਨ ਆਗੂ ਰਾਕੇਸ਼ ਟਿਕੈਟ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਪੇਜ ‘ਤੇ ਕੀਤਾ ਗਿਆ। ਜਿਸ ‘ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਇਤਿਹਾਸਕ ਇੱਕਠ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਜਿਸ ਨੂੰ ਕੇਂਦਰ ਸਰਕਾਰ ਮੁੱਠੀ ਭਰ ਕਿਸਾਨ ਕਹਿੰਦੀ ਆ ਰਹੀ ਹੈ ਉਹ ਮੁੱਠੀ ਭਰ ਕਿਸਾਨ ਨਹੀਂ, ਸਗੋਂ ਪੂਰੇ ਭਾਰਤ ਦੇਸ਼ ਦੇ ਕਿਸਾਨ ਹਨ।