India News

ਪੈਗੰਬਰ ਵਿਵਾਦਿਤ ਟਿੱਪਣੀ: ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ, 10 ਅਗਸਤ ਤਕ ਗ੍ਰਿਫਤਾਰੀ ’ਤੇ ਲੱਗੀ ਰੋਕ

ਨਵੀਂ ਦਿੱਲੀ– ਪੈਗੰਬਰ ’ਤੇ ਟਿੱਪਣੀ ਨਾਲ ਸੰਬੰਧਿਤ ਵਿਵਾਦ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਮੁਅੱਤਲ ਭਾਜਪਾ ਬੁਲਾਰਣ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਇਸ ਦੌਰਾਨ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਸਨੂੰ ਅੰਤਰਿਮ ਰਾਹਤ ਦਿੱਤੀ ਹੈ। ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ’ਤੇ 10 ਅਗਸਤ ਤਕ ਰੋਕ ਲੱਗਾ ਦਿੱਤੀ ਗਈ ਹੈ। 

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨੂਪੁਰ ਸ਼ਰਮਾ ਨੂੰ ਪੈਗੰਬਰ ਮੁਹੰਮਦ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਈ ਸੂਬਿਆਂ ’ਚ ਉਨ੍ਹਾਂ ਖਿਲਾਫ ਦਰਜ ਐੱਫ.ਆਈ.ਆਰ./ਸ਼ਿਕਾਇਤਾਂ ਦੇ ਸੰਬੰਧ ’ਚ ਦੰਡਕਾਰੀ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ। 

ਜੱਜ ਸੂਰੀਆਕਾਂਤ ਅਤੇ ਜੱਜ ਜੇ.ਬੀ. ਪਰਦੀਵਾਲਾ ਦੀ ਬੈਂਚ ਨੇ ਆਪਣੇ ਇਕ ਜੁਲਾਈ ਦੇ ਆਦੇਸ਼ ਤੋਂ ਬਾਅਦ ਸ਼ਰਮਾ ਨੂੰ ਕਥਿਤ ਰੂਪ ਨਾਲ ਜਾਨ ਤੋਂ ਮਾਰਨ ਦੀ ਧਮਕੀ ’ਤੇ ਨੋਟਿਸ ਲੈਂਦੇ ਹੋਏ ਉਸ ਨੂੰ ਭਵਿੱਖ ’ਚ ਦਰਜ ਹੋ ਸਕਣ ਵਾਲੀਆਂ ਸ਼ਿਕਾਇਤਾਂ/ਐੱਫ.ਆਈ.ਆਰ. ’ਚ ਵੀ ਦੰਡਕਾਰੀ ਕਾਰਵਾਈ ਤੋਂ ਰਾਹਤ ਦੇ ਦਿੱਤੀ। ਮਾਮਲਾ 26 ਮਈ ਨੂੰ ਇਕ ਟੀਵੀ ਡਿਬੇਟ ਸ਼ੋਅ ਦੌਰਾਨ ਪੈਗੰਬਰ ’ਤੇ ਕਥਿਤ ਵਿਵਾਦਿਤ ਟਿੱਪਣੀ ਨਾਲ ਸੰਬੰਧਿਤ ਹੈ। 

ਇਹ ਜ਼ਿਕਰ ਕਰਦੇ ਹੋਏ ਕਿ ਉੱਚ ਅਦਾਲਤ ਇਹ ਕਦੇ ਨਹੀਂ ਚਾਹੁੰਦੀ ਸੀ ਕਿ ਸ਼ਰਮਾ ਰਾਹਤ ਲਈ ਹਰ ਅਦਾਲਤ ਦਾ ਰੁਖ ਕਰੇ, ਬੈਂਚ ਨੇ ਉਸਦੀ ਪਟੀਸ਼ਨ ’ਤੇ ਕੇਂਦਰ ਅਤੇ ਦਿੱਲੀ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਅਤੇ 10 ਅਗਸਤ ਤਕ ਉਨ੍ਹਾਂ ਤੋਂ ਜਵਾਬ ਮੰਗਿਆ।