UK News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਨ ਤਮਗੇ ਨਾਲ ਕਰਾਂਗੇ ਸਨਮਾਨ- ਹਰਮੀਤ ਸਿੰਘ ਭਕਨਾ

ਲੰਡਨ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 1947 ‘ਚ ਦੇਸ਼ ਖਾਸ ਤੌਰ ‘ਤੇ ਪੰਜਾਬ ਦੀ ਵੰਡ ਮੌਕੇ ਹੋਏ ਕਤਲੇਆਮ ਤੇ ਉਜਾੜੇ ਦੇ ਦੁੱਖਦਾਈ ਘਟਨਾਕ੍ਰਮ ਨੂੰ ਹਰ ਸਾਲ 14 ਅਗਸਤ ਨੂੰ ਵੰਡ ਦੁਖਾਂਤ ਵਜੋਂ ਮਨਾਏ ਜਾਣ ਦੇ ਲਏ ਗਏ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਚੇਅਰਮੈਨ ਹਰਮੀਤ ਸਿੰਘ ਭਕਨਾ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ਸੋਨ ਤਮਗੇ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ ।

ਭਕਨਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੇ ਪੰਜਾਬ ਦੀ ਵੰਡ ਤੋਂ ਬਾਅਦ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਵੰਡ ਦੇ ਦੁਖਾਂਤ ਨੂੰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਬਟਵਾਰੇ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਤੇ ਉੱਜੜੇ ਨਾਲ ਪ੍ਰਭਾਵਿਤ ਕਰੋੜਾਂ ਲੋਕਾਂ ਦੇ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਮਲਮ ਲਗਾਉਣ ਦੀ ਕੋਸ਼ਿਸ਼ ਹੋਈ ਹੈ।

 

ਇਸ ਉਪਰਾਲੇ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਨ ਤਮਗੇ ਨਾਲ ਸਨਮਾਨ ਕਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ ਐਕਟ 1947 ਪਾਸ ਕਰਨਾ ਹੀ ਪੰਜਾਬ ਦੇ ਬਟਵਾਰੇ ਦਾ ਵੱਡਾ ਦੁਖਾਂਤ ਸੀ, ਜਿਸ ਦਾ ਯੂ.ਕੇ. ਦੇ ਕਿਸੇ ਵੀ ਸੰਸਦ ਮੈਂਬਰ ਨੇ ਉਸ ਸਮੇਂ ਵਿਰੋਧ ਨਹੀਂ ਕੀਤਾ, ਜਿਸ ਦਾ ਦਰਦ ਅੱਜ ਵੀ ਪੰਜਾਬੀ ਮਹਿਸੂਸ ਕਰ ਰਹੇ ਹਨ। ਭਕਨਾ ਨੇ ਯੂ.ਕੇ. ਸਰਕਾਰ ਤੋਂ ਵੰਡ ਦੇ ਦੁਖਾਂਤ ਤੇ ਬਰਤਾਨਵੀ ਰਾਜ ਦੌਰਾਨ ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ਨਸ਼ਟ ਕਰਨਾ, ਕਾਮਾਗਾਟਾ ਮਾਰੂ, ਜਲ੍ਹਿਆਵਾਲਾ ਬਾਗ ਸਾਕਾ ਬਾਰੇ ਮੁਆਫ਼ੀ ਮੰਗਵਾਉਣ ਲਈ ਦਾਇਰ ਪਟੀਸ਼ਨ ‘ਤੇ ਵੀ ਵੱਧ ਤੋਂ ਵੱਧ ਦਸਤਖ਼ਤ ਕਰਨ ਦੀ ਅਪੀਲ ਕੀਤੀ।