India News

ਪ੍ਰਧਾਨ ਮੰਤਰੀ ਮੋਦੀ ਨੇ ਆਯੂਸ਼ਮਾਨ ਭਾਰਤ-ਡਿਜੀਟਲ ਮਿਸ਼ਨ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਯੂਸ਼ਮਾਨ ਭਾਰਤ-ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਦੇ ਅਧੀਨ ਲੋਕਾਂ ਨੂੰ ਡਿਜੀਟਲ ਸਿਹਤ ਪਛਾਣ ਪੱਤਰ ਪ੍ਰਦਾਨ ਕੀਤਾ ਜਾਵੇਗਾ, ਜਿਸ ’ਚ ਉਨ੍ਹਾਂ ਦਾ ਸਿਹਤ ਸੰਬੰਧੀ ਰਿਕਾਰਡ ਦਰਜ ਹੋਵੇਗਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਰਾਸ਼ਟਰੀ ਡਿਜੀਟਲ ਸਿਹਤ ਮੁਹਿੰਮ ਦੇ ਪਾਇਲਟ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਮੌਜੂਦਾ ਸਮੇਂ ਇਸ ਯੋਜਨਾ ਨੂੰ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸ਼ੁਰੂਆਤੀ ਪੜਾਅ ’ਚ ਲਾਗੂ ਕੀਤਾ ਜਾ ਰਿਹਾ ਹੈ।

ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘‘ਆਯੂਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਨੇ ਗਰੀਬ ਦੇ ਜੀਵਨ ਦੀ ਬਹੁਤ ਵੱਡੀ ਚਿੰਤਾ ਦੂਰ ਕੀਤੀ ਹੈ। ਹੁਣ ਤੱਕ 2 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੇ ਇਸ ਯੋਜਨਾ ਦੇ ਅਧੀਨ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਚੁੱਕਿਆ ਹੈ। ਇਸ ’ਚ ਮਾਂਵਾਂ, ਭੈਣਾਂ, ਧੀਆਂ ਹਨ।’’ ਉਨ੍ਹਾਂ ਕਿਹਾ,‘‘ਆਯੂਸ਼ਮਾਨ ਭਾਰਤ-ਡਿਜੀਟਲ ਮਿਸ਼ਨ ਦੇ ਅਧੀਨ ਦੇਸ਼ ਵਾਸੀਆਂ ਨੂੰ ਹੁਣ ਇਕ ਡਿਜੀਟਲ ਹੈਲਥ ਆਈ.ਡੀ. ਮਿਲੇਗੀ। ਹਰ ਨਾਗਰਿਕ ਦਾ ਸਿਹਤ ਸੰਬੰਧੀ ਰਿਕਾਰਡ ਡਿਜੀਟਲ ਰੂਪ ਨਾਲ ਸੁਰੱਖਿਅਤ ਰਹੇਗਾ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਭਾਰਤ ’ਚ ਅਜਿਹੇ ਸਿਹਤ ਮਾਡਲ ’ਤੇ ਕੰਮ ਜਾਰੀ ਹੈ, ਜੋ ਸੰਪੂਰਨ ਵੀ ਹੋਵੇ।