World

ਪ੍ਰਿੰਸ ਫਿਲਿਪ ਦੀ ਯਾਦ ‘ਚ ਜਾਰੀ ਹੋ ਸਕਦੇ ਹਨ 5 ਪੌਂਡ ਦੇ ਸਿੱਕੇ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਮਰਹੂਮ ਪ੍ਰਿੰਸ ਫਿਲਿਪ ਦੀ ਯਾਦ ਅਤੇ ਸਨਮਾਨ ਵਿਚ 5 ਪੌਂਡ ਦੇ ਖਾਸ ਸਿੱਕੇ ਜਾਰੀ ਕੀਤੇ ਜਾ ਸਕਦੇ ਹਨ। ਇਕ ਰਿਪੋਰਟ ਅਨੁਸਾਰ ਖਜ਼ਾਨਾ ਵਿਭਾਗ ਪ੍ਰਿੰਸ ਫਿਲਿਪ ਦੇ ਸਨਮਾਨ ਵਿਚ ਇਸ ਯੋਜਨਾ ‘ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਇਲਾਵਾ ਇਕ ਸਰੋਤ ਅਨੁਸਾਰ ਪ੍ਰਿੰਸ ਦੇ ਸਨਮਾਨ ਵਿਚ ਸਿੱਕੇ ਜਾਂ ਮੂਰਤੀਆਂ ਦੀ ਯੋਜਨਾ ਸ਼ਾਮਲ ਹੈ।

ਜਿਕਰਯੋਗ ਹੈ ਕਿ ਡਿਊਕ ਆਫ ਐਡਿਨਬਰਾ ਨੂੰ ਸ਼ਨੀਵਾਰ ਨੂੰ ਦਫਨਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹਨਾਂ ਦੀ ਰਾਣੀ ਮਾਂ ਦੀ 2002 ਵਿਚ 101 ਸਾਲ ਦੀ ਉਮਰ ‘ਚ ਮੌਤ ਹੋਣ ‘ਤੇ ਇਕ ਵਿਲੱਖਣ 5 ਪੌਂਡ ਦਾ ਸਿੱਕਾ ਜਾਰੀ ਕੀਤਾ ਗਿਆ ਸੀ। ਇਸ ਯੋਜਨਾ ਲਈ ਕੰਜ਼ਰਵੇਟਿਵ ਐਮ. ਪੀ. ਚਾਰਲਸ ਵਾਕਰ, 1922 ਕਮੇਟੀ ਦੇ ਉਪ-ਚੇਅਰਮੈਨ, ਨੇ ਸਮਰਥਨ ਕੀਤਾ ਹੈ। ਸਿੱਕੇ ਸਬੰਧੀ ਐੱਚ. ਐੱਮ. ਖਜ਼ਾਨਾ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਕਿਉਂਕਿ ਡਿਊਕ ਲਈ ਸੋਗ ਦੀ ਮਿਆਦ ਅਜੇ ਵੀ ਜਾਰੀ ਹੈ।

ਸ਼ਨੀਵਾਰ ਨੂੰ ਵਿੰਡਸਰ ਕੈਸਲ ਵਿਖੇ ਸੇਂਟ ਜਾਰਜ ਦੇ ਚੈਪਲ ਵਿਚ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਉਨ੍ਹਾਂ ਵੱਲੋਂ ਹਥਿਆਰਬੰਦ ਸੈਨਾਵਾਂ ਵਿਚ ਉਮਰ ਭਰ ਦਿੱਤੀਆਂ ਸੇਵਾਵਾਂ ਤੇ ਸਮਰਥਨ ਨੂੰ ਦਰਸਾਉਂਦਾ ਹੈ। ਪ੍ਰਿੰਸ ਦਾ 80 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਨੇਵੀ ਨਾਲ ਨੇੜਲਾ ਸਬੰਧ ਰਿਹਾ ਸੀ।