World

ਪ੍ਰਿੰਸ ਹੈਰੀ ਕਰਨਗੇ ਨੌਕਰੀ, ਸਟਾਰਟ ਅੱਪ ‘ਚ ਸੰਭਾਲਣਗੇ ਚੀਫ ਇਮਪੈਕਟ ਅਫਸਰ ਦਾ ਅਹੁਦਾ

ਸਾਨ ਫ੍ਰਾਂਸਿਸਕੋ : ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਛੱਡ ਸਧਾਰਨ ਜ਼ਿੰਦਗੀ ਬਤੀਤ ਕਰ ਰਹੇ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਨੇ ਨੌਕਰੀ ਕਰਨ ਦਾ ਫ਼ੈਸਲਾ ਲਿਆ ਹੈ। ਉਹ ਮੰਗਲਵਾਰ ਨੂੰ ਸਾਨ ਫ੍ਰਾਂਸਿਸਕੋ ਦੇ ਇਕ ਸਟਾਰਟ ਅੱਪ ਬੇਟਰਅੱਪ ਦੇ ਨਾਲ ਬਤੌਰ ਚੀਫ ਇਮਪੈਕਟ ਅਫਸਰ (ਸੀ.ਆਈ.ਓ.) ਜੁੜ ਗਏ ਹਨ। ਭਾਵੇਂਕਿ ਉਹਨਾਂ ਦੀ ਇਸ ਨੌਕਰੀ ਨਾਲ ਆਰਥਿਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਇਹ ਕੰਪਨੀ ਕਰਮਚਾਰੀਆਂ ਦੇ ਮਾਨਸਿਕ ਸਿਹਤ ਦੇ ਖੇਤਰ ਵਿਚ ਕੰਮ ਕਰਦੀ ਹੈ।

ਹੈਰੀ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ। ਇਸ ਦੇ ਇਲਾਵਾ ਹੈਰੀ ਇਕ ਹੋਰ ਸਮਾਜਿਕ ਭੂਮਿਕਾ ਨਿਭਾਉਣਗੇ। ਇਸ ਦੇ ਤਹਿਤ ਉਹ ਰੂਪਰਟ ਮਡੋਂਕ ਦੀ ਨੂੰਹ ਕੈਥਰੀਨ ਦੇ ਐਸਪਿਨ ਇੰਸਟੀਚਿਊਟ ਵਿਚ ਬਤੌਰ ਕਮਿਸ਼ਨਰ ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਲਈ ਕੰਮ ਕਰਨਗੇ। ਇਹ ਉਹਨਾਂ ਦੀ ਆਨਰੇਰੀ ਸੇਵਾ ਹੋਵੇਗੀ। ਇਸ ਦੌਰਾਨ ਹੈਰੀ ਨੇ ਸੀ.ਈ.ਓ. ਨਿਯੁਕਤ ਹੋਣ ਦੇ ਬਾਅਦ ਕਿਹਾ ਕਿ ਮੈਂ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦਾ ਹਿੱਸਾ ਬਣ ਕੇ ਕੰਮ ਕਰਾਂਗਾ।

ਕੰਪਨੀ ਦੇ ਸੀ.ਈ.ਓ. ਐਲੇਕਸੀ ਰੌਬਿਚਾਕਸ ਪ੍ਰਿੰਸ ਹੈਰੀ ਨੂੰ ਕੰਪਨੀ ਲਈ ਇਕਦਮ ਸਹੀ ਦੱਸਦੇ ਹਨ। ਉਹ ਕਹਿੰਦੇ ਹਨ ਕਿ ਹੈਰੀ ਦਾ ਉਤਸ਼ਾਹਿਤ ਕਰਨ ਅਤੇ ਕੰਮ ਦੇ ਜ਼ਰੀਏ ਅਸਰ ਛੱਡਣ ਦਾ ਤਰੀਕਾ ਵਧੀਆ ਹੈ। ਬੈਟਰਅੱਪ ਕੰਪਨੀ ਮਾਰਸ, AB inBev ਅਤੇ ਲਿੰਕਡਿਨ ਜਿਹੀਆਂ ਕੰਪਨੀਆਂ ਦੇ ਕਰਮਚਾਰੀਆਂ ਨਾਲ ਮਾਨਸਿਕ ਸਿਹਤ ਅਤੇ ਕੋਚਿੰਗ ਦੇ ਖੇਤਰ ਵਿਚ ਕੰਮ ਕਰਦੀ ਹੈ।ਏਲੇਕਸੀ ਹੈਰੀ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਵੀ ਕਰਦੇ ਹਨ। ਬੈਟਰਅੱਪ 12,556 ਕਰੋੜ ਦੀ ਨੈੱਟਵਰਥ ਵਾਲੀ ਹੈਲਥ ਟੇਕ ਕੰਪਨੀ ਹੈ। 

ਬ੍ਰਿਟਿਸ਼ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਬਾਅਦ ਸਾਬਕਾ ਅਦਾਕਾਰਾ ਮੇਗਨ ਮਰਕੇਲ ਅਤੇ ਪ੍ਰਿੰਸ ਹੈਰੀ ਕੈਲੀਫੋਰਨੀਆ ਵਿਚ ਰਹਿਣ ਲੱਗੇ ਸਨ। ਨਾਲ ਹੀ ਉਹ ਲਗਾਤਾਰ ਕਮਾਈ ਦੇ ਖੇਤਰ ਵਿਚ ਵੀ ਸਰਗਰਮ ਨਜ਼ਰ ਆ ਰਹੇ ਹਨ। ਉਹਨਾਂ ਨੇ ਨੈੱਟਫਲਿਕਸ ਨਾਲ ਕੰਟੈਂਟ ਤਿਆਰ ਕਰਨ ਅਤੇ ਸਪੌਟਿਫਾਏ ਲਈ ਪਾਡਕਾਸਟ ਬਣਾਉਣ ਦੇ ਸੰਬੰਧ ਵਿਚ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਬੈਟਰਅੱਪ ਕੰਪਨੀ ਨਾਲ ਆਪਣੀ ਨਵੀਂ ਪਾਰੀ ਦੀ ਜਾਣਕਾਰੀ ਹੈਰੀ ਨੇ ਬਲਾਗ ਪੋਸਟ ਵਿਚ ਦਿੱਤੀ ਹੈ।