India News

ਪੜ੍ਹਾਈ ਪਿੱਛੋਂ ਕੈਨੇਡਾ ਤੋਂ ਪਰਤੇ ਨੌਜਵਾਨ ਦਾ ਬਾਬਾ ਬਕਾਲਾ ਲਾਗੇ ਕਤਲ

ਬਾਬਾ ਬਕਾਲਾ (ਅੰਮ੍ਰਿਤਸਰ)

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਰੰਗਪੁਰਾ ਬੁਤਾਲ਼ਾ ’ਚ ਐਤਵਾਰ ਤੇ ਸੋਮਵਾਰ ਦੀ ਰਾਤ ਨੂੰ 23 ਸਾਲਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਰੰਗਪੁਰਾ ਬੁਤਾਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਬ–ਡਿਵੀਜ਼ਨ ’ਚ ਪੈਂਦਾ ਹੈ।ਮ੍ਰਿਤਕ ਦੀ ਸ਼ਨਾਖ਼ਤ ਸੁਖਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਹ ਵਾਰਦਾਤ ਸਵੇਰੇ 1:00 ਵਜੇ ਦੀ ਹੈ। ਇਹ ਵਾਰਦਾਤ ਵਾਪਰਨ ਵੇਲੇ ਸੁਖਮਨਦੀਪ ਸਿੰਘ ਹਾਲੇ ਇੱਕ ਵਿਆਹ ਸਮਾਰੋਹ ਤੋਂ ਪਰਤ ਕੇ ਆਪਣੀ ਕਾਰ ਪਾਰਕ ਕਰ ਰਿਹਾ ਸੀ।

ਬਿਆਸ ਪੁਲਿਸ ਥਾਣੇ ਦੇ ਐੱਸਐੱਚਓ ਸਬ–ਇੰਸਪੈਕਟਰ ਕਿਰਨਦੀਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਸੁਖਮਨਦੀਪ ਸਿੰਘ ਦੇ ਦੋ ਗੋਲੀਆਂ ਮਾਰੀਆਂ।

ਦੋ ਹਮਲਾਵਰ ਮੋਟਰਸਾਇਕਲ ਉੱਤੇ ਆਏ ਸਨ। ਉਨ੍ਹਾਂ ਸੁਖਮਨਦੀਪ ਸਿੰਘ ਦੀ ਛਾਤੀ ’ਚ ਦੋ ਗੋਲੀਆਂ ਮਾਰੀਆਂ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਬਿਆਸ ਕਸਬੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸੁਖਮਨਦੀਪ ਸਿੰਘ ਉਚੇਰੀ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ ਤੇ ਹਾਲੇ ਛੇ ਕੁ ਮਹੀਨੇ ਪਹਿਲਾਂ ਹੀ ਭਾਰਤ ਪਰਤਿਆ ਸੀ। ਸੁਖਮਨਦੀਪ ਸਿੰਘ ਦੇ ਪਿਤਾ ਸੇਵਾ–ਮੁਕਤ ਸਰਕਾਰੀ ਮੁਲਾਜ਼ਮ ਹਨ। ਪੁਲਿਸ ਨੇ ਹੁਣ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।