Punjab News

ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਦਾ ਦੋ ਟੁੱਕ ਸ਼ਬਦਾਂ ’ਚ ਜਵਾਬ

ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਮਚੇ ਘਮਸਾਨ ਦੇ ਵਿਚਾਲੇ ਹਾਈਕਮਾਨ ਵਲੋਂ ਗਠਿਤ ਕਮੇਟੀ ਨੇ ਦੋ ਟੁੱਕ ਸ਼ਬਦਾਂ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ 2022 ਦੀ ਚੋਣ ਵਿਚ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਦਾ ਚਿਹਰਾ ਰਹਿਣਗੇ। ਇਨ੍ਹਾਂ ਚੋਣਾਂ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਅਹਿਮ ਰਹੇਗੀ। ਪੰਜਾਬ ਕਾਂਗਰਸ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਗੱਲ ਵੀ ਬੇਮਾਨੀ ਹੈ। ਸ਼ਨੀਵਾਰ ਨੂੰ ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਦੀ ਪਹਿਲੀ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਵਿਚ ਮੁੱਖ ਮੰਤਰੀ ਨੂੰ ਚਿਹਰੇ ਨੂੰ ਲੈ ਕੇ ਪ੍ਰੰਪਰਾ ਰਹੀ ਹੈ ਅਤੇ ਉਸੇ ਪ੍ਰੰਪਰਾ ਦੀ ਪਾਲਣਾ ਕੀਤੀ ਜਾਵੇਗੀ। ਜਿੱਥੋਂ ਤੱਕ ਗੱਲ ਨਵਜੋਤ ਸਿੰਘ ਸਿੱਧੂ ਦੀ ਹੈ ਤਾਂ ਉਹ ਪਾਰਟੀ ਦੇ ਮਜ਼ਬੂਤ ਥੰਮ ਹਨ ਅਤੇ ਪਾਰਟੀ ਦਾ ਭਵਿੱਖ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਭੂਮਿਕਾ ਫਾਦਰ ਫਿਗਰ ਦੀ ਹੈ। ਇਸ ਲਈ ਕਮੇਟੀ ਸਾਰੇ ਮਤਭੇਦਾਂ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਤਾਂ ਕਿ 2022 ਦਾ ਟੀਚਾ ਹਾਸਲ ਕੀਤਾ ਜਾ ਸਕੇ। ਰਾਵਤ ਨੇ ਇਹ ਵੀ ਕਿਹਾ ਕਿ ਕਮੇਟੀ ਦੀ ਕੋਸ਼ਿਸ਼ ਸਾਰੇ ਨੇਤਾਵਾਂ ਨੂੰ ਐਕਸ਼ਨ ਦੀ ਮੁਦਰਾ ਵਿਚ ਲਿਆਉਣ ਦੀ ਹੈ, ਉਨ੍ਹਾਂ ’ਤੇ ਕੋਈ ਐਕਸ਼ਨ ਲੈਣ ਦੀ ਨਹੀਂ ਹੈ।

ਜੂਨ ਦੇ ਪਹਿਲੇ ਹਫ਼ਤੇ ਵਿਚ ਪੰਜਾਬ ਦੇ ਨੇਤਾਵਾਂ ਨਾਲ ਹੋਵੇਗੀ ਗੱਲਬਾਤ
ਰਾਵਤ ਨੇ ਕਿਹਾ ਕਿ ਜੂਨ ਦੇ ਪਹਿਲੇ ਹਫ਼ਤੇ ਵਿਚ ਹੀ ਪੰਜਾਬ ਦੇ ਤਮਾਮ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਨੇਤਾਵਾਂ ਨਾਲ ਗੱਲਬਾਤ ਹੋਵੇਗੀ ਤਾਂ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਕਾਰਣ ਲੱਭ ਕੇ ਉਸ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਵਿਚ ਮਤਭੇਦ ਹੁੰਦੇ ਰਹਿੰਦੇ ਹਨ। ਸਮਝ ਵਿਚ ਅੰਤਰ ਹੋ ਸਕਦਾ ਹੈ ਪਰ ਇਸ ਨੂੰ ਬਗਾਵਤ ਦਾ ਨਾਮ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਅਦਬੀ ਅਤੇ ਡਰੱਗਜ਼ ਦੇ ਮਾਮਲੇ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।

 

ਲਕਸ਼ਮਣ ਰੇਖਾ ਪਾਰ ਨਾ ਕਰਨ ਨੇਤਾ
ਪੰਜਾਬ ਕਾਂਗਰਸ ਵਿਚ ਵਿਰੋਧੀ ਤੇਵਰ ਵਿਖਾਉਣ ਵਾਲੇ ਨੇਤਾਵਾਂ ਨੂੰ ਵੀ ਕਮੇਟੀ ਨੇ ਦੋ ਟੁਕ ਸ਼ਬਦਾਂ ਵਿਚ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਲਕਸ਼ਮਣ ਰੇਖਾ ਪਾਰ ਨਾ ਕਰੇ। ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਕੋਈ ਨੇਤਾ ਲਕਸ਼ਮਣ ਰੇਖਾ ਪਾਰ ਕਰੇਗਾ ਤਾਂ ਉਸ ਨੂੰ ਵੇਖਿਆ ਜਾਵੇਗਾ। ਰਾਵਤ ਨੇ ਕਿਹਾ ਕਿ ਹਾਈਕਮਾਨ ਨੇ ਬੇਹੱਦ ਸੀਨੀਅਰ ਨੇਤਾਵਾਂ ਨੂੰ ਮਤਭੇਦ ਸੁਲਝਾਉਣ ਦਾ ਜ਼ਿੰਮਾ ਦਿੱਤਾ ਹੈ। ਅਜਿਹੇ ਵਿਚ ਸਾਰੇ ਨੇਤਾ ਮਰਿਆਦਾ ਦਾ ਧਿਆਨ ਰੱਖਣ ਅਤੇ ਕਮੇਟੀ ਦਾ ਸਨਮਾਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਨੇਤਾਵਾਂ ਨੂੰ ਬੇਵਜ੍ਹਾ ਬਿਆਨਬਾਜ਼ੀ ਦੀ ਬਜਾਏ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਇਸ ਕਮੇਟੀ ਵਿਚ ਮੱਲਿਕਾਰਜੁਨ ਖੜਗੇ, ਜੇ.ਪੀ. ਅਗਰਵਾਲ ਸ਼ਾਮਲ ਹਨ।

 

ਪੰਜਾਬ ਦੇ ਨਾਰਾਜ਼ ਵਿਧਾਇਕਾਂ ਨੇ ਕੀਤੀ ਬੈਠਕ
ਦਿੱਲੀ ਵਿਚ ਤਿੰਨ ਮੈਂਬਰੀ ਕਮੇਟੀ ਦੀ ਬੈਠਕ ਵਿਚ ਪੰਜਾਬ ਵਿਚ ਵੀ ਨਾਰਾਜ਼ ਕਾਂਗਰਸੀ ਨੇਤਾਵਾਂ ਨੇ ਬੈਠਕ ਕੀਤੀ। ਇਸ ਬੈਠਕ ਵਿਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਕੁਝ ਵਿਧਾਇਕ ਸ਼ਾਮਲ ਹੋਏ। ਕਿਹਾ ਜਾ ਰਿਹਾ ਹੈ ਕਿ ਬੈਠਕ ਵਿਚ ਸਾਰੇ ਨੇਤਾਵਾਂ ਨੇ ਤਿੰਨ ਮੈਂਬਰੀ ਕਮੇਟੀ ਨੂੰ ਲੈ ਕੇ ਆਪਣੀ ਰਣਨੀਤੀ ’ਤੇ ਚਰਚਾ ਕੀਤੀ ਹੈ ਤਾਂ ਕਿ ਕਮੇਟੀ ਦੇ ਸਾਹਮਣੇ ਪੰਜਾਬ ਦੀ ਜ਼ਮੀਨੀ ਹਕੀਕਤ ਸਮੇਤ ਪਾਰਟੀ ਦੀ ਕਾਰਜਪ੍ਰਣਾਲੀ ਦਾ ਪੂਰਾ ਬਿਓਰਾ ਮਜ਼ਬੂਤੀ ਨਾਲ ਰੱਖਿਆ ਜਾ ਸਕੇ। ਬੈਠਕ ਵਿਚ ਸ਼ਾਮਲ ਵਿਧਾਇਕ ਪਰਗਟ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਗੱਲ ਤਾਂ ਮੁੱਦੇ ਦੀ ਹੈ ਅਤੇ ਇਹ ਵੇਖਣਾ ਹੋਵੇਗਾ ਕਿ ਕਮੇਟੀ ਹੁਣ ਇਨ੍ਹਾਂ ਮੁੱਦਿਆਂ ਨੂੰ ਕਿਵੇਂ ਸੁਲਝਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਕਮੇਟੀ ਵਲੋਂ ਬੁਲਾਇਆ ਜਾਵੇਗਾ ਤਾਂ ਉਹ ਉਨ੍ਹਾਂ ਸਾਰੇ ਮੁੱਦਿਆਂ ਨੂੰ ਰੱਖਣਗੇ, ਜੋ ਉਹ ਲਗਾਤਾਰ ਚੁੱਕਦੇ ਰਹੇ ਹਨ।