Punjab News

ਪੰਜਾਬ ’ਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ 331 ਫ਼ੀਸਦ ਵਾਧਾ

ਨਵੀਂ ਦਿੱਲੀ, 13 ਜੁਲਾਈ

 

ਵਾਤਾਵਰਣ ਵਿੱਚ ਤਬਦੀਲੀ ਆਉਣ ਕਾਰਨ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਸਾਲਾਂ ਵਿੱਚ ਅਸਮਾਨੀ ਬਿਜਲੀ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਰਤੀ ਦਾ ਤਾਪਮਾਨ ਦੇ ਵਧਣ ਨਾਲ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਧਣਗੀਆਂ।

ਅਰਥ ਨੈੱਟਵਰਕਸ ਇੰਡੀਆ ਲਾਈਟਿੰਗ ਰਿਪੋਰਟ 2019 ਅਨੁਸਾਰ ਹਰ ਸਾਲ ਅਸਮਾਨੀ ਬਿਜਲੀ ਡਿੱਗਣ ਕਾਰਨ ਦੇਸ਼ ’ਚ ਤਕਰੀਬਨ 2,000 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ, ਜੋ ਹੜ੍ਹਾਂ ਅਤੇ ਤੂਫਾਨਾਂ ਤੋਂ ਵੱਧ ਹੈ। ਭਾਰਤੀ ਮੌਸਮ ਵਿਭਾਗ ਦੀ ਸਾਲਾਨਾ ਅਸਮਾਨੀ ਬਿਜਲੀ ਡਿੱਗਣ ਬਾਰੇ ਰਿਪੋਰਟ 2020-2021 ਅਨੁਸਾਰ ਦੇਸ਼ ਵਿੱਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 34 ਪ੍ਰਤੀਸ਼ਤ ਵਾਧਾ ਹੋਇਆ ਹੈ। ਇਹ ਸਾਲ 2019-2020 ਵਿਚ 1,38,00,000 ਤੋਂ ਵੱਧ ਕੇ ਸਾਲ 2020-2021 ਵਿਚ 1,85,44,367 ਤੱਕ ਪੁੱਜ ਗਈਆਂ।” ਰਿਪੋਰਟ ਮੁਤਾਬਕ ਪੰਜਾਬ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਧੀਆਂ ਹਨ। ਇਸ ਰਾਜ ਵਿੱਚ ਇਹ ਵਾਧਾ 331 ਫੀਸਦ ਦਰਜ ਕੀਤਾ ਗਿਆ। ਬਿਹਾਰ ਵਿਚ 168 ਫੀਸਦ, ਹਰਿਆਣਾ ਵਿਚ 164 ਫੀਸਦ ਪੁਡੂਚੇਰੀ 117 ’ਚ ਫੀਸਦ, ਹਿਮਾਚਲ ਪ੍ਰਦੇਸ਼ ਵਿਚ 105 ਫੀਸਦ ਅਤੇ ਪੱਛਮੀ ਬੰਗਾਲ ਵਿਚ 100 ਫੀਸਦ ਘਟਨਾਵਾਂ ਵਧੀਆਂ ਹਨ। ਅਰੁਣਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਉੜੀਸਾ ਵਰਗੇ ਰਾਜਾਂ ਵਿੱਚ ਵੀ ਵਾਧਾ ਹੋਇਆ ਹੈ।