India News

ਪੰਜਾਬ ਤੋਂ ਕੈਨੇਡਾ ਖੇਡਣ ਗਏ 47% ਕਬੱਡੀ ਖਿਡਾਰੀ ਨਹੀਂ ਪਰਤੇ ਵਤਨ

ਫ਼ਰੀਦਕੋਟ-ਭਾਰਤ ਤੋਂ ਕੌਮਾਂਤਰੀ ਕਬੱਡੀ ਟੂਰਨਾਮੈਂਟਾਂ `ਚ ਖੇਡਣ ਲਈ ਸਾਲਾਂ 2015 ਤੋਂ 2017 ਦੌਰਾਨ ਕੈਨੇਡਾ ਗਏ 47% ਖਿਡਾਰੀ ਹਾਲੇ ਤੱਕ ਵਤਨ ਨਹੀਂ ਪਰਤੇ ਹਨ। ਅਜਿਹਾ ਕਦਮ ਚੁੱਕਣ ਵਾਲੇ ਬਹੁ-ਗਿਣਤੀ ਖਿਡਾਰੀ ਪੰਜਾਬ ਤੋਂ ਹੀ ਹਨ। ਉਹ ਇੱਕ ਵਾਰ ਕਬੱਡੀ ਟੂਰਨਾਮੈਂਟਾਂ `ਚ ਭਾਗ ਲੈਣ ਲਈ ਗਏ ਪਰ ਫਿਰ ਕਦੇ ਵਤਨ ਨਹੀਂ ਪਰਤੇ ਤੇ ਉਨ੍ਹਾਂ ਸਦਾ ਲਈ ਕੈਨੇਡਾ `ਚ ਹੀ ਰਹਿਣ ਦਾ ਹੀ ਰਾਹ ਚੁਣਿਆ।
ਪਤਾ ਲੱਗਾ ਹੈ ਕਿ ਬਾਅਦ `ਚ ਅਜਿਹੇ ਪੰਜਾਬੀ ਖਿਡਾਰੀ ਕਿਵੇਂ ਨਾ ਕਿਵੇਂ ਵਰਕ-ਪਰਮਿਟ ਵੀ ਲੈ ਲੈਂਦੇ ਹਨ। ਇਹ ਟੂਰਨਾਮੈਂਟ ਜਿ਼ਆਦਾਤਰ ਸਰਕਲ-ਸਟਾਈਲ ਕਬੱਡੀ ਦੇ ਹੀ ਹੁੰਦੇ ਹਨ। ਪੰਜਾਬ `ਚ ਜਿ਼ਆਦਾਤਰ ਇਸੇ ਸਟਾਈਲ ਦੀ ਕਬੱਡੀ ਪਾਉਣ ਦਾ ਰਿਵਾਜ ਹੈ।
ਇਨ੍ਹਾਂ ਤਿੰਨ ਵਰ੍ਹਿਆਂ ਦੌਰਾਨ 261 ਖਿਡਾਰੀ ਕੈਨੇਡਾ ਗਏ, ਜਿਨ੍ਹਾਂ `ਚੋਂ 53 ਫ਼ੀ ਸਦੀ ਭਾਵ 138 ਹੀ ਵਤਨ ਪਰਤੇ। ਕੁੱਲ 123 ਖਿਡਾਰੀ ਕੈਨੇਡਾ ਤੋਂ ਭਾਰਤ ਨਹੀਂ ਪਰਤੇ। ਇਹ ਪ੍ਰਗਟਾਵਾ ਇੱਕ ਰਸਾਲੇ ‘ਲੈਕਸਬੇਸ` ਵੱਲੋਂ ਪਿੱਛੇ ਜਿਹੇ ਇਮੀਗ੍ਰੇਸ਼ਨ ਕੈਨੇਡਾ ਦੇ ਇੱਕ ਅਧਿਐਨ ਦੇ ਹਵਾਲੇ ਨਾਲ ਕੀਤਾ ਗਿਆ ਹੈ। ਕੈਨੇਡਾ ਰਹਿਣਾ ਪਸੰਦ ਕਰਨ ਵਾਲੇ ਖਿਡਾਰੀਆਂ ਵਿੱਚੋਂ 67 ਨੇ ਵਰਕ ਪਰਮਿਟ ਵੀ ਲੈ ਲਏ ਹਲ, ਤਿੰਨ ਨੇ ਸ਼ਰਨਾਰਥੀ ਵਜੋਂ ਪਨਾਹ ਲੈ ਲਈ ਹੈ; ਜਦ ਕਿ 53 ਖਿਡਾਰੀਆਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਸਕੀ।
‘ਲੈਕਸਬੇਸ` ਦੇ ਸੰਪਾਦਕ ਰਿਚਰਡ ਕੁਰਲੈਂਡ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਫ਼ਰਵਰੀ 2018 `ਚ ਸੂਚਨਾ ਹਾਸਲ ਕਰਨ ਦਾ ਅਧਿਕਾਰ ਅਧੀਨ ਸਬੰਧਤ ਰਿਪੋਰਟ ਦੀ ਕਾਪੀ ਹਾਸਲ ਹੋਈ ਸੀ।
ਉਸ ਰਿਪੋਰਟ ਮੁਤਾਬਕ ਇਕੱਲੇ ਸਾਲ 2017 ਦੌਰਾਨ ਚਾਰ ਫ਼ੈਡਰੇਸ਼ਨਾਂ ਲਈ 78 ਕਬੱਡੀ ਖਿਡਾਰੀਆਂ ਦੀਆਂ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਸਨ। ਉਨ੍ਹਾਂ ਵਿੱਚੋਂ ਸਿਰਫ਼ 48 ਭਾਵ 62 ਫ਼ੀ ਸਦੀ ਹੀ ਵਾਪਸ ਗਏ ਤੇ ਉਨ੍ਹਾਂ `ਚੋਂ 23 ਭਾਵ 30 ਫ਼ੀ ਸਦੀ ਖਿਡਾਰੀਆਂ ਨੇ ਵਰਕ ਪਰਮਿਟ ਲੈ ਲਿਆ, ਛੇ ਜਣਿਆਂ ਦਾ ਕੁਝ ਪਤਾ ਨਹੀਂ ਤੇ ਇੱਕ ਖਿਡਾਰੀ ਨੂੰ ਸ਼ਰਨਾਰਥੀ ਵਜੋਂ ਪਨਾਹ ਮਿਲ ਗਈ।
ਸਾਲ 2015 ਦੌਰਾਨ ਕਬੱਡੀ ਖਿਡਾਰੀਆਂ ਦੀ ਵਾਪਸੀ ਦੀ ਦਰ 42 ਫ਼ੀ ਸਦੀ ਰਹੀ ਤੇ 2017 `ਚ ਇਹ 62 ਫ਼ੀ ਸਦੀ ਸੀ। ਸਾਲ 2015 ਦੌਰਾਨ 21 ਫ਼ੀ ਸਦੀ ਨੇ ਵਰਕ ਪਰਮਿਟ ਲਿਆ ਤੇ 2017 ਦੌਰਾਨ ਇਹ ਫ਼ੀ ਸਦ 30 ਰਹੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਤੋਂ ਨਾ ਪਰਤਣ ਵਾਲੇ ਜਿ਼ਆਦਾਤਰ ਖਿਡਾਰੀ ਨੌਜਵਾਨ, ਅਣਵਿਆਹੇ ਅਤੇ ਬੇਰੋਜ਼ਗਾਰ ਹੁੰਦੇ ਹਨ। ਰਿਪੋਰਟ `ਚ ਲਿਖਿਆ ਗਿਆ ਹੈ ਕਿ ਕਬੱਡੀ ਜਿਹੀ ਖੇਡ ਨਾਲ ਜੁੜੇ ਖਿਡਾਰੀ ਦੇ ਹੁਨਰ ਨੂੰ ਨਾਪਣ ਦਾ ਕੋਈ ਪੈਮਾਨਾ ਨਹੀਂ ਹੈ। ਇਸੇ ਲਈ ਕੁਝ ਗ਼ਲਤ ਤਰੀਕੇ ਤੇ ਧੋਖਾਧੜੀ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ। ਕੈਨੇਡਾ `ਚ ਹਾਲੇ ਤੱਕ ਕਬੱਡੀ ਖਿਡਾਰੀਆਂ ਦੀਆਂ ਅਰਜ਼ੀਆਂ `ਚੋਂ ਇਹ ਪਤਾ ਲਾਉਣ ਦਾ ਕੋਈ ਸਿਸਟਮ ਵਿਕਸਤ ਨਹੀਂ ਕੀਤਾ ਜਾ ਸਕਿਆ ਕਿ ਕਿਹੜਾ ਖਿਡਾਰੀ ਧੋਖਾਧੜੀ ਕਰ ਰਿਹਾ ਹੈ ਤੇ ਕਿਹੜਾ ਖਿਡਾਰੀ ਜਾਇਜ਼ ਹੈ।