Punjab News

ਪੰਜਾਬ ਦਾ ਅਸਲ ਕੈਪਟਨ ਕੌਣ ਦੇ ਸਵਾਲ ’ਤੇ ਬੋਲੇ ਮੁੱਖ ਮੰਤਰੀ, ਨਵਜੋਤ ਸਿੱਧੂ ’ਤੇ ਦਿੱਤਾ ਇਹ ਬਿਆਨ

ਪਾਰਟੀ ਵਿਚ ਕੋਈ ਵਿਵਾਦ ਨਹੀਂ ਹੈ। ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪਾਰਟੀ ਆਪਣਾ ਕੰਮ ਕਰ ਰਹੀ ਹੈ ਅਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਸੂਬਾ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਜਦੋਂ ਪੱਤਰਕਾਰ ਵਲੋਂ ਪੰਜਾਬ ਵਿਚ ਅਸਲ ਕੈਪਟਨ ਕੌਣ ਹੈ ਦਾ ਸਵਾਲ ਕੀਤਾ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਭੰਬਲਭੂਸਾ ਹੈ। ਸੁਨੀਲ ਜਾਖੜ ਪਿਛਲੇ 4 ਸਾਲਾਂ ਤੋਂ ਪ੍ਰਧਾਨ ਸਨ। ਉਨ੍ਹਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਸੀ। ਹੁਣ ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਿਉਂ ਸਾਹਮਣੇ ਆ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।

 

ਮਿਲ ਕੇ ਕੰਮ ਕਰਨਾ ਹੋਵੇਗਾ: ਕੈਪਟਨ
ਇਸ ਸੰਬੰਧੀ ਜਦੋਂ ਉਨ੍ਹਾਂ ਤੋਂ ਨਵਜੋਤ ਸਿੱਧੂ ਵਲੋਂ 60 ਵਿਧਾਇਕਾਂ ਨੂੰ ਨਾਲ ਲੈ ਕੇ ਚੱਲਣ ਅਤੇ ਹਸਤਾਖਰ ਕਰਵਾਉਣ ਸੰਬੰਧੀ ਸਵਾਲ ਪੁੱਛਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਅਕਾਲੀ ਦਲ ਦੀ ਸਰਕਾਰ ਸੀ। ਤਿੰਨ ਵਾਰ ਜਦੋਂ ਵੀ ਮੈਂ ਪ੍ਰਧਾਨ ਬਣਿਆ ਤਾਂ ਮੈਂ ਵਿਰੋਧੀ ਧਿਰ ਵਿਚ ਸੀ। ਮੈਨੂੰ ਨਹੀਂ ਲੱਗਦਾ ਕਿ ਅਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਾਰ ਸਰਕਾਰ ਵੀ ਉਨ੍ਹਾਂ ਦੀ ਹੈ ਅਤੇ ਪਾਰਟੀ ਵੀ ਉਨ੍ਹਾਂ ਦੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਚੋਣਾਂ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਚੋਣਾਂ ਲਈ ਮਿਲ ਕੇ ਕੰਮ ਕਰਨਾ ਹੋਵੇਗਾ। ਇਹੋ ਸਹੀ ਤਰੀਕਾ ਹੈ। ਕੈਪਟਨ ਨੇ ਕਿਹਾ ਕਿ ਚੋਣਾਂ ਵਿਚ ਕੁੱਝ ਹੀ ਮਹੀਨੇ ਬਾਕੀ ਰਹਿ ਗਏ ਹਨ। ਦਸੰਬਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ, ਅਜਿਹੇ ਵਿਚ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

 

93 ਫ਼ੀਸਦੀ ਵਾਅਦੇ ਪੂਰੇ ਕੀਤੇ : ਕੈਪਟਨ
ਕੈਪਟਨ ਨੇ ਕਿਹਾ ਕਿ ਪੰਜਾਬ ਵਿਚ ਵਿਕਾਸ ਹੋਇਆ ਹੈ ਪਰ ਅਜੇ ਬਹੁਤ ਕੰਮ ਕਰਨਾ ਹੈ। ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਸੀ, ਉਸ ਵਿਚੋਂ 93 ਫ਼ੀਸਦੀ ਵਾਅਦੇ ਪੂਰੇ ਹੋ ਚੁੱਕੇ ਹਨ, ਜਿਹੜੇ ਕੁੱਝ ਵਾਅਦੇ ਬਾਕੀ ਹਨ, ਉਹ ਜੀ. ਐੱਸ. ਟੀ. ਕਾਰਣ ਰੁਕੇ ਹੋਏ ਹਨ। 18 ਏਜੰਡਿਆਂ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਵਿਚੋਂ ਜ਼ਿਆਦਾਤਰ ਏਜੰਡੇ ਪੰਜਾਬ ਸਰਕਾਰ ਪਹਿਲਾਂ ਹੀ ਪੂਰੇ ਕਰ ਚੁੱਕੀ ਹੈ, ਜਿਹੜੇ ਬਚੇ ਹਨ ਉਹ ਵੀ ਜਲਦੀ ਹੀ ਪੂਰੇ ਹੋ ਜਾਣਗੇ।