Punjab News

ਪੰਜਾਬ ਦੀ ਸਿਆਸਤ ’ਚ ਛਾਏ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਸੁਣੋ ਅਣ-ਸੁਣੇ ਕਿੱਸੇ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਚੰਨੀ ਵੱਲੋਂ ਧੜਾਧੜ ਇਕ ਤੋਂ ਬਾਅਦ ਇਕ ਲਏ ਜਾ ਰਹੇ ਫ਼ੈਸਲੇ ਅਤੇ ਦਿਨ-ਰਾਤ ਲੋਕਾਂ ’ਚ ਮੌਜੂਦਗੀ ਜਿਥੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਬਣਾ ਰਹੀ ਹੈ। ਇਸ ਦੌਰਾਨ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੁਲਾਕਾਤ ਦੌਰਾਨ ਸੀ. ਐੱਮ. ਚੰਨੀ ਨੇ ਜਿਥੇ ਸਿਆਸੀ ਮਸਲਿਆਂ ’ਤੇ ਗੱਲਾਂ ਕੀਤੀਆਂ, ਉਥੇ ਉਨ੍ਹਾਂ ਆਪਣੇ ਪਰਿਵਾਰਕ ਪਿਛੋਕੜ ਨੂੰ ਲੈ ਕੇ ਵੀ ਕਈ ਅਣਸੁਣੇ ਕਿੱਸੇ ਸੁਣਾਏ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

 

ਬਸਤਾ ਅਤੇ ਬੋਰੀ ਲੈ ਕੇ ਸਕੂਲ ਜਾਂਦੇ ਸਨ ਚੰਨੀ
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਭਜੌਲੀ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹੇ ਹਨ। ਉਸ ਸਮੇਂ ਸਰਕਾਰੀ ਸਕੂਲ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਚੱਲਦਾ ਸੀ। ਉਪਰ ਗੁਰਦੁਆਰਾ ਸੀ ਅਤੇ ਹੇਠਾਂ ਕਲਾਸ ਲੱਗਦੀ ਸੀ। ਮੈਨੂੰ ਯਾਦ ਹੈ ਕਿ ਮੈਂ ਘਰ ਤੋਂ ਹੀ ਬਸਤੇ ਦੇ ਨਾਲ ਖਾਦ ਵਾਲੀ ਖਾਲੀ ਬੋਰੀ ਲੈ ਕੇ ਜਾਂਦਾ ਸੀ। ਉਸਨੂੰ ਜ਼ਮੀਨ ’ਤੇ ਵਿਛਾ ਕੇ ਉੱਪਰ ਬੈਠਦਾ ਸੀ। ਉਸ ਸਮੇਂ ਡੈਸਕ ਆਦਿ ਨਹੀਂ ਹੋਇਆ ਕਰਦੇ ਸਨ। ਮੇਰੇ ਪਿਤਾ ਜੀ ਜੋ ਉਸ ਸਮੇਂ ਟੈਂਟ ਦਾ ਕੰਮ ਕਰਦੇ ਸਨ, ਪਿੰਡ ਤੋਂ ਖਰੜ ਸ਼ਹਿਰ ਸ਼ਿਫਟ ਹੋ ਗਏ। ਫਿਰ ਮੈਂ ਖਰੜ ਦੇ ਖਾਲਸਾ ਸਕੂਲ ਵਿਚ ਦਾਖਲਾ ਲਿਆ। ਉਥੇ 6ਵੀਂ ਤੋਂ 11ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ। 12ਵੀਂ ਜਮਾਤ ਦੀ ਪੜ੍ਹਾਈ ਮੈਂ ਖਾਲਸਾ ਕਾਲਜ ਚੰਡੀਗੜ੍ਹ ਤੋਂ ਕੀਤੀ। ਉਸ ਤੋਂ ਬਾਅਦ ਮੈਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ।

 

ਜੁਆਇੰਟ ਫੈਮਿਲੀ ’ਚ ਰਹਿੰਦੇ ਹਨ ਸੀ. ਐੱਮ. ਚੰਨੀ
ਮੁੱਖ ਮੰਤਰੀ ਚੰਨੀ ਸਮੇਤ ਉਹ 4 ਭਰਾ ਹਨ। ਉਨ੍ਹਾਂ ਦੇ ਇਕ ਭਰਾ ਓਵਰਸੀਅਰ ਰਹੇ, ਜੋ ਚੀਫ ਇੰਜੀਨੀਅਰ ਤੱਕ ਪੁੱਜੇ। ਉਨ੍ਹਾਂ ਦਾ ਇਕ ਭਰਾ ਡਾਕਟਰ ਹੈ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਇਕ ਬੇਟੇ ਨੂੰ ਡਾਕਟਰ ਬਣਾਇਆ ਜਾਏ। ਦੂਜੇ ਨੂੰ ਇੰਜੀਨੀਅਰ, ਤੀਜੇ ਨੂੰ ਵਕੀਲ ਅਤੇ ਚੌਥੇ ਨੂੰ ਘਰ ਦੇ ਕੰਮਕਾਜ ਲਈ ਰੱਖਿਆ ਜਾਏ। ਪਿਤਾ ਜੀ ਮੈਨੂੰ ਵਕੀਲ ਬਣਾਉਣਾ ਚਾਹੁੰਦੇ ਸਨ, ਇਸ ਲਈ ਮੈਂ ਵਕਾਲਤ ਕੀਤੀ ਪਰ ਵਕੀਲ ਨਹੀਂ ਬਣ ਸਕਿਆ। ਮੇਰਾ ਤੀਜਾ ਭਰਾ ਘਰ ਦੇ ਕੰਮਕਾਜ ਵੇਖਦਾ ਹੈ। ਸਾਡੀ ਜੁਆਇੰਟ ਫੈਮਿਲੀ ਹੈ। ਮੇਰੀਆਂ 2 ਭੈਣਾਂ ਹਨ, ਜੋ ਵਿਆਹੀਆਂ ਹੋਈਆਂ ਹਨ।

 

 

ਪਿਤਾ ਜੀ ਦੀ ਮਿਹਨਤ ਅਤੇ ਮਾਂ ਦੀ ਕੁੱਟ ਨੇ ਬਣਾ ਦਿੱਤਾ ਸੀ. ਐੱਮ.
ਚੰਨੀ ਮੰਨਦੇ ਹਨ ਕਿ ਮੇਰੇ ਪਿਤਾ ਜੀ ਨੇ ਟੈਂਟ ਦਾ ਕੰਮ ਕਰਦੇ ਸਮੇਂ ਇੰਨੀ ਸ਼ਿੱਦਤ ਨਾਲ ਮਿਹਨਤ ਕੀਤੀ ਕਿ ਉਨ੍ਹਾਂ ਪੂਰੇ ਪਰਿਵਾਰ ਦਾ ਪੇਟ ਭਰਿਆ ਅਤੇ ਸਭ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕੀਤੀ। ਮੈਂ ਆਪਣੀ ਮਾਂ ਕੋਲੋਂ ਬਹੁਤ ਕੁੱਟ ਖਾਧੀ ਅਤੇ ਪਿਆਰ ਵੀ ਇੰਨਾ ਹਾਸਲ ਕੀਤਾ ਕਿ ਬਾਕੀ ਭਰਾ ਸੋਚਦੇ ਸਨ ਕਿ ਚੰਨੀ ਮਾਂ ਦੇ ਬਹੁਤ ਨੇੜੇ ਹੈ। ਮੇਰੇ ਪਿਤਾ ਜੀ ਨੇ ਮੈਨੂੰ ਨੈਤਿਕਤਾ ਅਤੇ ਦੂਜਿਆਂ ਲਈ ਜਿਊਣਾ ਸਿਖਾਇਆ। ਪਿਤਾ ਜੀ ਦੀ ਸਿੱਖਿਆ ਦੇ ਸਿੱਟੇ ਵਜੋਂ ਮੈਂ ਹੁਣ ਤੱਕ 19 ਵਾਰ ਖੂਨਦਾਨ ਕਰ ਚੁੱਕਾ ਹਾਂ। ਮੈਂ ਦਸਵੀਂ ਜਮਾਤ ਵਿਚ ਪਹਿਲਾ ਖੂਨਦਾਨ ਕੈਂਪ ਲਾਇਆ ਸੀ। ਉਸ ਵਿਚ ਸਭ ਤੋਂ ਪਹਿਲਾਂ ਖੁਦ ਹੀ ਖੂਨਦਾਨ ਕੀਤਾ ਸੀ। ਉਸ ਤੋਂ ਬਾਅਦ ਮੈਂ ਅੱਖਾਂ ਦੇ ਕੈਂਪ ਲਾਉਣੇ ਸ਼ੁਰੂ ਕੀਤੇ ਅਤੇ ਇਹ ਸਿਲਸਿਲਾ ਅੱਜ ਮੇਰੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਜਾਰੀ ਹੈ। ਇਹ ਸਭ ਮੇਰੇ ਮਾਤਾ-ਪਿਤਾ ਜੀ ਦੀ ਬਦੌਲਤ ਹੀ ਹੋ ਰਿਹਾ ਹੈ।

 

ਦੂਜਿਆਂ ਨੂੰ ਮਿਟਾਉਣ ਦੀ ਸੋਚ ਨਹੀਂ ਰੱਖਣੀ ਚਾਹੀਦੀ
ਸੀ. ਐੱਮ. ਕੋਲੋਂ ਜਦੋਂ ਉਨ੍ਹਾਂ ਦੇ ਫਰਸ਼ ਤੋਂ ਅਰਸ਼ ਤੱਕ ਆਉਣ ਦੇ ਤਜਰਬੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਤੁਹਾਡੀ ਨੀਅਤ ਸਾਫ ਹੋਣੀ ਚਾਹੀਦੀ ਹੈ, ਈਮਾਨਦਾਰੀ ਹੋਣੀ ਚਾਹੀਦੀ ਹੈ, ਸੋਚ ਸਾਫ ਹੋਣੀ ਚਾਹੀਦੀ ਹੈ। ਜੇ ਤੁਹਾਡੇ ਗੁਆਂਢੀ ਅਤੇ ਦੋਸਤ ਵੱਡੇ ਹੋਣਗੇ ਤਾਂ ਤੁਸੀਂ ਵੀ ਤਰੱਕੀ ਕਰੋਗੇ, ਪੰਜਾਬ ਅੱਗੇ ਵਧੇਗਾ ਤਾਂ ਤੁਸੀਂ ਵੀ ਅੱਗੇ ਵਧੋਗੇ। ਮੇਰੇ ਮੁਤਾਬਕ ਸੋਚ ਵੱਡੀ ਰੱਖਣੀ ਚਾਹੀਦੀ ਹੈ, ਪ੍ਰਮਾਤਮਾ ਹਮੇਸ਼ਾ ਤੁਹਾਡਾ ਸਾਥ ਦਿੰਦਾ ਹੈ।’’