Punjab News

ਪੰਜਾਬ ਦੇ ਕਾਲਜਾਂ ਦੀ 100 ਫ਼ੀਸਦੀ ਮਾਨਤਾ ਹੋ ਸਕਦੀ ਹੈ ਰੱਦ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਕੇਂਦਰੀ ਯੂਨੀਵਰਸਿਟੀ ਬਣਨ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਾਲਜਾਂ ਦੀ ਮਾਨਤਾ 100 ਫ਼ੀਸਦੀ ਰੱਦ ਕੀਤੀ ਜਾ ਸਕਦੀ ਹੈ। ਇਨ੍ਹਾਂ ਕਾਲਜਾਂ ਦੀ ਮਾਨਤਾ ਲਈ ਪੰਜਾਬ ਸਰਕਾਰ ਨੇ ਨਵੇਂ ਬਦਲ ਵੀ ਲੱਭੇ ਲਏ ਹਨ। ਜਾਣਕਾਰੀ ਅਨੁਸਾਰ ਜੇਕਰ ਪੀ. ਯੂ. ਕੇਂਦਰੀ ਯੂਨੀਵਰਸਿਟੀ ਬਣ ਜਾਂਦੀ ਹੈ ਤਾਂ ਪੀ. ਯੂ. ਨਾਲ ਪੰਜਾਬ ਸਰਕਾਰ ਆਪਣੇ ਕਾਲਜਾਂ ਦੀ ਮਾਨਤਾ ਨਹੀਂ ਰੱਖੇਗੀ, ਸਗੋਂ ਆਪਣੀ ਵੱਖਰੀ ਯੂਨੀਵਰਸਿਟੀ ਸਥਾਪਿਤ ਕਰੇਗੀ, ਜੋ ਕਿ ਪੰਜਾਬ ਯੂਨੀਵਰਸਿਟੀ (ਪੀ. ਯੂ.) ਹੀ ਹੋਵੇਗੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਿਯਮਾਂ ਤਹਿਤ ਇਸ ਪੀ. ਯੂ. ਦੀ ਸਥਾਪਨਾ ਲਈ ਨਿਯਮ ਕਾਨੂੰਨ ਤੈਅ ਕੀਤੇ ਗਏ ਹਨ। ਪੰਜਾਬ ਯੂਨੀਵਰਸਿਟੀ ਐਕਟ ਤਹਿਤ ਪੀ. ਯੂ. ਪੰਜਾਬ ਦੀ ਹੀ ਹੈ।

ਇਸ ਦੇ ਨਾਲ ਹੀ ਪੀ. ਯੂ. ਦੇ ਕਾਂਸਟੀਚੂਐਂਟ ਕਾਲਜ ਵੀ ਪੰਜਾਬ ਸਰਕਾਰ ਕੋਲ ਚਲੇ ਜਾਣਗੇ। ਉਸ ਤੋਂ ਬਾਅਦ ਪੀ. ਯੂ. ਕਾਲਜ ਦੀ ਮਾਨਤਾ ਪ੍ਰਾਪਤੀ ਲਈ ਬਹੁਤ ਘੱਟ ਗਿਣਤੀ ਕਾਲਜ ਹੀ ਰਹਿ ਜਾਣਗੇ। ਇੱਥੇ ਲਗਭਗ 100 ਕਾਲਜ ਹਨ, ਜੋ ਪੀ. ਯੂ. ਤੋਂ ਡਿਸਐਫੀਲੇਟਿਡ ਹੋ ਜਾਣਗੇ। ਦੂਜੇ ਪਾਸੇ ਪੀ. ਯੂ. ਨਾਲ ਸਬੰਧਿਤ ਬੀ. ਐੱਡ. ਕਾਲਜ ਦੀ ਮਾਨਤਾ ਸਬੰਧੀ ਪੰਜਾਬ ਦੀਆਂ ਕੁੱਝ ਯੂਨੀਅਨਾਂ ਨੇ ਵੀ ਆਪਣੀ ਬੀ. ਐੱਡ. ਯੂਨੀਵਰਸਿਟੀ ਬਣਾਉਣ ਦੀ ਮੰਗ ਰੱਖੀ ਹੈ, 50 ਦੇ ਕਰੀਬ ਕਾਲਜ ਬੀ. ਐੱਡ. ਦੇ ਵੀ ਪੀ. ਯੂ. ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਸਪੋਰਟਸ ਯੂਨੀਵਰਸਿਟੀ ਵੀ ਪੰਜਾਬ ਆਪਣੀ ਬਣਾ ਚੁੱਕਿਆ ਹੈ। ਇਸ ਤਰ੍ਹਾਂ ਪੀ. ਯੂ. ਕਾਲਜਾਂ ਦੀ ਕਰੀਬ 100 ਜਾਂ 150 ਕਰੋੜ ਦੀ ਆਮਦਨ ਵੀ ਖ਼ਤਮ ਹੋ ਜਾਵੇਗੀ।


ਅਧਿਆਪਕ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਮੰਗ ਕਰ ਰਹੇ
ਧਿਆਨ ਰਹੇ ਕਿ ਪੀ. ਯੂ. ਅਧਿਆਪਕ ਲਗਾਤਾਰ ਪੀ. ਯੂ. ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਮੰਗ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੀ ਸੇਵਾਮੁਕਤੀ ਦੀ ਉਮਰ ਵੀ 60 ਤੋਂ ਵਧਾ ਕੇ 65 ਸਾਲ ਹੋ ਜਾਵੇ। ਪੀ. ਯੂ. ਪੰਜਾਬ ਦੇ ਕੁੱਝ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਹੈ। ਉੱਥੇ ਪ੍ਰੋ. ਮਨੂ ਨੇ ਕਿਹਾ ਕਿ ਵਿੱਤੀ ਹਿੱਸੇਦਾਰੀ 42 ਕਰੋੜ ਤੋਂ ਵਧਾ ਕੇ 40 ਫ਼ੀਸਦੀ ਕੀਤੀ ਜਾਣੀ ਚਾਹੀਦੀ ਹੈ। ਜਿਸ ਨਾਲ ਪੀ. ਯੂ. ਨੂੰ 170 ਕਰੋੜ ਰੁਪਏ ਦੀ ਯੋਗਦਾਨ ਰਾਸ਼ੀ ਮਿਲ ਸਕੇ। ਅਧਿਆਪਕਾਂ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਪੀ. ਯੂ. ਦੀ ਗ੍ਰਾਂਟ ਰਕਮ ਵਿਚ ਵਾਧਾ ਕਰੇਗੀ। ਦੂਜੇ ਪਾਸੇ ਨਾਨ-ਟੀਚਿੰਗ ਸਟਾਫ਼ਲਗਾਤਾਰ ਪੀ. ਯੂ. ਨੂੰ ਕੇਂਦਰੀ ਯੂਨੀਵਰਸਿਟੀ ਨਾ ਬਣਾਉਣ ਦੀ ਮੰਗ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਵਿਦਿਆਰਥੀ ਯੂਨੀਅਨਾਂ ਵੀ ਪੀ. ਯੂ. ਨੂੰ ਪੰਜਾਬ ਨਾਲ ਜੋੜ ਕੇ ਰੱਖਣਾ ਚਾਹੁੰਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਯੂਨੀਵਰਸਿਟੀ ਬਣਨ ਤੋਂ ਬਾਅਦ ਪੀ. ਯੂ. ਵਿਚ ਸਿੱਖਿਆ ਦਾ ਨਿੱਜੀਕਰਨ ਕੀਤਾ ਜਾਵੇਗਾ।