Punjab News

ਪੰਜਾਬ ਸਰਕਾਰ ਦੇ 50 ਦਿਨ ਪੂਰੇ ਹੋਣ ‘ਤੇ ਮੁੱਖ ਮੰਤਰੀ ਮਾਨ ਨੇ ਨੌਜਵਾਨਾਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨ ਪੂਰੇ ਹੋਣ ‘ਤੇ ਨੌਜਵਾਨਾਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਮਾਨ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ 26,454 ਅਸਾਮੀਆਂ ਨੂੰ ਭਰਨ ਲਈ ਸਰਕਾਰ ਵੱਲੋਂ ਅੱਜ ਇਕ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਹਰ ਵਿਭਾਗ ਦੀਆਂ ਨੌਕਰੀਆਂ ਦੀ ਸੂਚੀ ਦਿੱਤੀ ਗਈ ਹੈ। ਨੌਜਵਾਨ ਆਪਣੀ ਯੋਗਤਾ ਅਨੁਸਾਰ ਨੌਕਰੀ ਲਈ ਅਪਲਾਈ ਕਰ ਸਕਦੇ ਹਨ।

 

ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਨੌਕਰੀ ਲਈ ਭਰਤੀਆਂ ਸਿੱਖਿਆ ਅਤੇ ਡਿਗਰੀ ਦੇਖ ਕੇ ਕੀਤੀਆਂ ਜਾਣਗੀਆਂ। ਇਹ ਭਰਤੀਆਂ ਬਿਨਾਂ ਸਿਫਾਰਿਸ਼ ਅਤੇ ਰਿਸ਼ਵਤ ਤੋਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਹਰੇ ਰੰਗ ਦਾ ਪੈੱਨ ਲੋਕਾਂ ਦੇ ਹੱਕ ‘ਚ ਹੀ ਚੱਲੇਗਾ ਅਤੇ ਉਸੇ ਤਰ੍ਹਾਂ ਹੋਣ ਜਾ ਰਿਹਾ ਹੈ। ਜੋ ਲੋਕ ਨੌਕਰੀਆਂ ਨਾ ਮਿਲਣ ਕਾਰਨ ਨਿਰਾਸ਼ ਬੈਠੇ ਹਨ, ਉਨ੍ਹਾਂ ਦੀਆਂ ਆਸਾਂ ਨੂੰ ਵੀ ਮੁੜ ਬੂਰ ਪੈਣਾ ਸ਼ੁਰੂ ਹੋ ਗਿਆ ਹੈ। 

 

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ 26,454 ਨੌਕਰੀਆਂ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ ਹੋਰ ਵੀ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਇਸ਼ਤਿਹਾਰ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਹੋ ਗਿਆ ਹੈ ਉਸ ਨੂੰ ਵੀ ਠੀਕ ਕਰਾਂਗੇ ਪਰ ਇਸ ਸਿਸਟਮ ਨੂੰ ਠੀਕ ਕਰਨ ਲਈ ਸਾਨੂੰ ਜਨਤਾ ਦਾ ਸਹਿਯੋਗ ਚਾਹੀਦਾ ਹੈ। ਲੋਕਾਂ ਦੇ ਸਹਿਯੋਗ ਨਾਲ ‘ਆਪ’ ਦੀ ਸਰਕਾਰ ਆਉਣ ਦੇ 50 ਦਿਨਾਂ ਅੰਦਰ ਹੀ ਕਈ ਫ਼ੈਸਲੇ ਲੈ ਕੇ ਲਾਗੂ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ‘ਚ ਵੀ ਪੰਜਾਬ ਨੂੰ ਨਵੀਆਂ ਖ਼ੁਸ਼ਖ਼ਬਰੀਆਂ ਮਿਲਣਗੀਆਂ।