UK News

‘ਪੱਤਰ’ ਲੀਕ ਹੋਣ ‘ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਇਹ ਧਮਕੀ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਿੱਤ ਮੰਤਰੀ ਰਿਸ਼ੀ ਸੁਨਕ ਵੱਲੋਂ ਉਹਨਾਂ ਨੂੰ ਲਿਖੇ ਗਏ ਇਕ ਪੱਤਰ ਦੇ ਮੀਡੀਆ ਵਿਚ ਲੀਕ ਹੋਣ ਕਾਰਨ ਉਹਨਾਂ ਤੋਂ ਕਾਫੀ ਨਾਰਾਜ਼ ਹੋ ਗਏ ਹਨ। ਇਕ ਰਿਪੋਰਟ ਮੁਤਾਬਕ ਗੁੱਸੇ ਵਿਚ ਆਏ ਜਾਨਸਨ ਨੇ ਸੁਨਕ ਨੂੰ ਡਿਮੋਟ ਕਰਨ (ਅਹੁਦਾ ਤਬਦੀਲ) ਦੀ ਧਮਕੀ ਦਿੱਤੀ ਹੈ।

ਰਿਸ਼ੀ ਸੁਨਕ ਨੇ ਕੀਤੀ ਸੀ ਇਹ ਅਪੀਲ
ਦਾਅਵਾ ਕੀਤਾ ਗਿਆ ਹੈ ਕਿ ਸੁਨਕ ਨੇ ਨਿਰਧਾਰਿਤ ਸਮੀਖਿਆ ਤੋਂ ਪਹਿਲਾਂ ਅੰਤਰਰਾਸ਼ਟਰੀ ਕੋਵਿਡ-19 ਯਾਤਰਾ ਨਿਯਮਾਂ ਵਿਚ ਢਿੱਲ ਦੇਣ ਦਾ ਦਬਾਅ ਪਾਉਣ ਲਈ ਜਾਨਸਨ ਨੂੰ ਪੱਤਰ ਲਿਖਿਆ ਸੀ। ਇਸ ਤੋਂ ਪਹਿਲਾਂ ਮੀਡੀਆ ਵਿਚ ਖ਼ਬਰ ਆਈ ਸੀ ਕਿ ਭਾਰਤੀ ਮੂਲ ਦੇ ਵਿੱਤ ਮੰਤਰੀ ਨੇ ਆਪਣੇ ਬੌਸ ਨੂੰ ਪੱਤਰ ਲਿਖਿਆ ਸੀ ਅਤੇ ਉਹਨਾਂ ਤੋਂ ਕੋਰੋਨਾ ਸੰਬੰਧੀ ਲਾਗੂ ਪਾਬੰਦੀਆਂ ਵਿਚ ਢਿੱਲ ਦੇਣ ਦੀ ਅਪੀਲ ਕੀਤੀ ਸੀ। ਮੰਤਰੀ ਦਾ ਕਹਿਣਾ ਸੀ ਕਿ ਇਹ ਪਾਬੰਦੀਆਂ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ।

ਪਿਛਲੇ ਐਤਵਾਰ ਨੂੰ ਇਸ ਪੱਤਰ ਦੇ ਆਧਾਰ ‘ਤੇ ਖ਼ਬਰ ਦੇਣ ਵਾਲੇ ਸੰਡੇ ਟਾਈਮਜ਼ ਨੇ ਮੁਤਾਬਕ ਦੱਸਿਆ ਗਿਆ ਕਿ ਜਾਨਸਨ ਬਹੁਤ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸੁਨਕ ਨੂੰ ਡਿਮੋਟ ਕਰਕੇ ਵਿੱਤ ਮੰਤਰਾਲੇ ਤੋਂ ਸਿਹਤ ਮੰਤਰਾਲੇ ਭੇਜਿਆ ਜਾ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਾਰਾਜ਼ਗੀ ਦਾ ਕਾਰਨ ਇਹ ਵੀ ਸੀ ਕਿ ਜਾਨਸਨ ਨੂੰ ਜਦੋਂ ਤੱਕ ਇਸ ਪੱਤਰ ਬਾਰੇ ਪਤਾ ਚੱਲਿਆ ਉਦੋਂ ਤੱਕ ਉਸ ਦਾ ਵੇਰਵਾ ਮੀਡੀਆ ਵਿਚ ਸਾਹਮਣੇ ਆ ਚੁੱਕਾ ਸੀ। ਇਕ ਬੈਠਕ ਦਾ ਹਵਾਲਾ ਦਿੰਦੇ ਹੋਏ ਇਕ ਸੀਨੀਅਰ ਸੂਤਰ ਨੇ ਕਿਹਾ ਕਿ ਜਾਨਸਨ ਨੇ ਉਦੋਂ ਲੱਗਭਗ ਇਕ ਦਰਜਨ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਿਹਾ ਸੀ ਕਿ ਉਹ ਇਕ ਤਬਦੀਲੀ ਦੇ ਬਾਰੇ ਵਿਚ ਸੋਚ ਰਹੇ ਹਨ। ਜਾਨਸਨ ਨੇ ਕਿਹਾ ਸ਼ਾਇਦ ਇਸ ਵਾਰ ਅਸੀਂ ਸੁਨਕ ਨੂੰ ਅਗਲੇ ਸਿਹਤ ਮੰਤਰੀ ਦੇ ਰੂਪ ਵਿਚ ਦੇਖੀਏ। ਉਹ ਉੱਥੇ ਬਹੁਤ ਵਧੀਆ ਕਰ ਸਕਦੇ ਹਨ। 

ਚਾਂਸਲਰ ਨੂੰ ਕੈਬਨਿਟ ਵਿਚ ਅਗਲੇ ਫੇਰਬਦਲ ਵਿਚ ਡਿਮੋਟ ਕੀਤਾ ਜਾ ਸਕਦਾ ਹੈ। ਭਾਵੇਂਕਿ ਡਾਊਨਿੰਗ ਸਟ੍ਰੀਟ ਨੇ ਨਿੱਜੀ ਗੱਲਬਾਤ ਦੇ ਬਾਰੇ ਵਿਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਸੁਨਕ ਦੇ ਕਰੀਬੀਆਂ ਨੇ ਕਿਹਾ ਕਿ ਉਹ ਕੋਵਿਡ ਨਾਲ ਪ੍ਰਭਾਵਿਤ ਬ੍ਰਿਟਿਸ਼ ਅਰਥਵਿਵਸਥਾ ਨੂੰ ਪਟੜੀ ‘ਤੇ ਲਿਆਉਣ ਦੀ ਆਪਣੀ ਜ਼ਿੰਮੇਵਾਰੀ ‘ਤੇ ਧਿਆਨ ਕੇਂਦਰਿਤ ਕਰ ਰਹੇ ਸਨ।