World

ਫਰਾਂਸ ‘ਚ ਕੋਰੋਨਾ ਦੇ ਟੀਕਾ ਦੀ ਥਾਂ ਲੋਕਾਂ ਦੇ ਲਾ ਦਿੱਤਾ ‘ਸਲਾਇਨ’ ਦਾ ਟੀਕਾ

ਪੈਰਿਸ – ਕੋਰੋਨਾ ਦੇ ਨਵੇਂ ਸਟ੍ਰੇਨ ਕਾਰਣ ਜਿਥੇ ਦੁਨੀਆ ਭਰ ਦੇ ਮੁਲਕਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਉਥੇ ਹੀ ਫਰਾਂਸ ਦੇ ਉੱਤਰੀ ਐਪਰਨੇ ਸ਼ਹਿਰ ਵਿਚ ਕੋਵਿਡ ਵੈਕਸੀਨ ਸੈਂਟਰ ‘ਤੇ 140 ਲੋਕਾਂ ਨੂੰ ਗਲਤੀ ਨਾਲ ਸਲਾਇਨ ਸੈਲੂਸ਼ਨ ਦਾ ਟੀਕਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਰਾਂਸ ਦੇ ਬਲੇਯੂ ਰੇਡੀਓ ਮੁਤਾਬਕ ਐਪਰਨੇ ਵਿਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਹੋਈ ਇਸ ਘਟਨਾ ਦੀ ਜਾਂਚ ਕੀਤੀ।

ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਈ ਸਵਾਲਾਂ ਦੇ ਜਵਾਬ ਦਿੱਤੇ ਪਰ ਉਨ੍ਹਾਂ ਇਹ ਗਲਤੀ ਕਿਵੇਂ ਹੋਈ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਸਲਾਇਨ ਸੈਲੂਸ਼ਨ ਨਮਕ ਅਤੇ ਪਾਣੀ ਦਾ ਇਕ ਨੁਕਸਾਨ ਰਹਿਤ ਮਿਸ਼ਰਣ ਹੈ, ਜੋ ਸਰੀਰ ਦੇ ਤਰਲ ਪਦਾਰਥ ਦੇ ਬਰਾਬਰ ਹੈ। ਜਿਨ੍ਹਾਂ ਲੋਕਾਂ ਨੂੰ ਇਸ ਘੋਲ ਦਾ ਟੀਕਾ ਲਾਇਆ ਗਿਆ ਉਨ੍ਹਾਂ ਵਿਚੋਂ ਕੁਝ ਨੂੰ ਪਹਿਲਾਂ ਫਾਈਜ਼ਰ ਦਾ ਟੀਕਾ ਲਾਇਆ ਜਾ ਚੁੱਕਿਆ ਸੀ ਜਦਕਿ ਹੋਰਨਾਂ ਨੂੰ ਬੁੱਧਵਾਰ ਟੀਕਾ ਲੁਆਉਣ ਲਈ ਬੁਲਾਇਆ ਸੀ।

ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾ ਦਾ ਟੀਕਾ ਲੁਆਉਣ ਨੂੰ ਲੈ ਕੇ ਹਰ ਪਾਸੇ ਹੜਬੜੀ ਮਚੀ ਹੋਈ ਹੈ। ਕਈਆਂ ਮੁਲਕਾਂ ਵਿਚ ਤਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਖਤਮ ਹੋ ਚੁੱਕੀਆਂ ਹਨ, ਜਿਸ ਕਾਰਣ ਨਾਗਰਿਕਾਂ ਨੂੰ ਹੁਣ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਗਈ ਹੈ। ਉਥੇ ਹੀ ਕਈ ਵਾਰ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਉਣ ਦੀ ਬਜਾਏ ਕੋਈ ਗਲਤ ਟੀਕਾ ਲਾ ਦਿੱਤਾ ਜਾਂਦਾ ਹੈ, ਜਿਸ ਕਾਰਣ ਉਨ੍ਹਾਂ ਨੂੰ ਬਾਅਦ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।