UK News

ਬਰਤਾਨਵੀ 7 ਜੁਲਾਈ ਤੋਂ ਕਰ ਸਕਣਗੇ ਜਰਮਨੀ ਦੀ ਯਾਤਰਾ

ਗਲਾਸਗੋ/ਲੰਡਨ –ਯੂ. ਕੇ. ਦੇ ਲੋਕ 7 ਜੁਲਾਈ ਤੋਂ ਜਰਮਨੀ ਦੀ ਯਾਤਰਾ ਕਰ ਸਕਣਗੇ। ਜਰਮਨੀ ਵੱਲੋਂ ਇਸ ਸਬੰਧੀ ਐਲਾਨ ਕੀਤਾ ਗਿਆ ਹੈ ਕਿ ਬ੍ਰਿਟੇਨ ਤੋਂ ਜਰਮਨੀ ਦੀ ਯਾਤਰਾ ਕਰਨ ਵਾਲੇ ਲੋਕਾਂ ‘ਤੇ ਲੱਗੀਆਂ ਹੋਈਆਂ ਪਾਬੰਦੀਆਂ ਇਸ ਹਫਤੇ ਘੱਟ ਕੀਤੀਆਂ ਜਾਣਗੀਆਂ। ਉਹ ਬ੍ਰਿਟਿਸ਼ ਯਾਤਰੀ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਲਈਆਂ ਹਨ, ਬੁੱਧਵਾਰ ਤੋਂ ਬਿਨਾਂ ਇਕਾਂਤਵਾਸ ਦੇ ਇਸ ਯੂਰਪੀਅਨ ਦੇਸ਼ ਵਿੱਚ ਦਾਖਲ ਹੋ ਸਕਣਗੇ। ਉਹ ਲੋਕ ਜਿਹਨਾਂ ਦੇ ਵੈਕਸੀਨ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ 10 ਦਿਨ ਇਕਾਂਤਵਾਸ ਹੋਣਾ ਪਵੇਗਾ। ਹਾਲਾਂਕਿ ਪੰਜ ਦਿਨਾਂ ਬਾਅਦ ਨੈਗੇਟਿਵ ਟੈਸਟ ਕਰ ਕੇ ਇਸ ਵਕਫੇ ਨੂੰ ਘਟਾਉਣ ਦੇ ਯੋਗ ਹੋਣਗੇ। ਜਰਮਨੀ ਇਸ ਸਮੇਂ ਯੂ. ਕੇ. ਦੀ ਅੰਬਰ ਸੂਚੀ ਵਿੱਚ ਹੈ, ਜਿਸ ਕਰਕੇ ਵਾਪਸੀ ਦੇ ਬਾਅਦ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ।

 

ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਬ੍ਰਿਟੇਨ ਦੇ ਨਾਲ ਹੀ ਪੁਰਤਗਾਲ, ਰੂਸ, ਭਾਰਤ ਅਤੇ ਨੇਪਾਲ ਨੂੰ ਵੀ ਯਾਤਰਾ ਸਬੰਧੀ ਪਾਬੰਦੀਆਂ ‘ਚ ਢਿੱਲ ਦਿੱਤੀ ਹੈ।ਇਨ੍ਹਾਂ ਨਵੇਂ ਨਿਯਮਾਂ ਦੇ  ਘੋਸ਼ਣਾ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਜਰਮਨ ਦੀ ਚਾਂਸਲਰ ਐਂਜੇਲਾ ਮਰਕੇਲ ਦੀ ਚੈਕਰਜ਼ ਵਿੱਚ ਮੁਲਾਕਾਤ ਤੋਂ ਕੁੱਝ ਦਿਨਾਂ ਬਾਅਦ ਕੀਤੀ ਗਈ ਹੈ।ਇਸ ਤੋਂ ਇਲਾਵਾ ਹਾਲੇ ਵੀ ਕਈ ਦੇਸ਼ ਜਰਮਨੀ ਦੀ ‘ਵਾਇਰਸ ਵੇਰੀਐਂਟ ਏਰੀਆ’ ਦੀ ਸੂਚੀ ਵਿੱਚ ਰਹਿਣਗੇ, ਜਿਨ੍ਹਾਂ ਵਿੱਚ ਬੋਤਸਵਾਨਾ, ਬ੍ਰਾਜ਼ੀਲ, ਈਸਵਾਤਿਨੀ, ਲੇਸੋਥੋ, ਮਾਲਾਵੀ, ਮੋਜ਼ਾਮਬੀਕ, ਨਾਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਦੱਖਣੀ ਅਫਰੀਕਾ ਅਤੇ ਉਰੂਗਵੇ ਆਦਿ ਸ਼ਾਮਿਲ ਹਨ।