UK News

ਬਰਤਾਨੀਆ ਦੇ ਸਾਹਿਤਕ ਹਲਕਿਆਂ ‘ਚ ਉੱਘੇ ਲੇਖਕ ਐੱਸ ਬਲਵੰਤ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦੀ ਲਹਿਰ

ਗਲਾਸਗੋ: ਉੱਘੇ ਪ੍ਰਕਾਸ਼ਕ, ਲੇਖਕ ਤੇ ਪੱਤਰਕਾਰੀ ਜਗਤ ਦੀ ਜਾਣੀ ਪਹਿਚਾਣੀ ਸ਼ਖਸੀਅਤ ਐੱਸ ਬਲਵੰਤ ਦੇ ਸਦੀਵੀ ਵਿਛੋੜੇ ‘ਤੇ ਬਰਤਾਨੀਆ ਦੇ ਸਾਹਿਤਕ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਹੈ। ਲੇਖਕ ਭਾਈਚਾਰੇ ਵੱਲੋਂ ਇਸ ਸਮੇਂ ਉਹਨਾਂ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਐੱਸ ਬਲਵੰਤ ਜੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਉਹ ਲੱਗਭੱਗ ਦਸ ਸਾਲ ਤੋਂ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਆਪਣੇ ਬੇਟੇ ਕੋਲ ਰਹਿ ਰਹੇ ਸਨ। 

ਜ਼ਿਕਰਯੋਗ ਹੈ ਕਿ ਐੱਸ ਬਲਵੰਤ ਜੀ ਜਲੰਧਰ ਜ਼ਿਲ੍ਹੇ ਦੇ ਚਿੱਟੀ ਪਿੰਡ ਦੇ ਜੰਮਪਲ ਸਨ ਅਤੇ ਉਹ ਆਪਣੀ ਮਿਹਨਤ ਸਦਕਾ ਇੱਕ ਸਾਧਾਰਨ ਪਰਿਵਾਰ ਵਿੱਚੋਂ ਬਹੁਤ ਉੱਚੇ ਮੁਕਾਮ ਤੱਕ ਪੁੱਜੇ। ਉਹ ਪੰਜਾਬੀ ਸਾਹਿਤਕ ਜਗਤ ਵਿੱਚ ਸਿਰਮੌਰ ਲੇਖਕ ਵਜੋਂ ਜਾਣੇ ਜਾਂਦੇ ਸਨ ਅਤੇ ਉਹਨਾਂ ਨੇ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਦਰਜਨ ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਉਹਨਾਂ ਨੇ ਪੱਤਰਕਾਰੀ ਤੋਂ ਸ਼ੁਰੂਆਤ ਕਰਕੇ ਫਿਰ ਇੱਕ ਸਥਾਪਿਤ ਪ੍ਰਕਾਸ਼ਕ ਵਜੋਂ ਆਪਣੀ ਪਹਿਚਾਣ ਬਣਾਈ। ਉਹ ਪ੍ਰਕਾਸ਼ਕਾਂ ਦੀ ਸਿਰਮੌਰ ਸੰਸਥਾ ਇੰਡੀਅਨ ਪਬਲਿਸ਼ਰਸ ਫੈਡਰੇਸ਼ਨ ਦੇ ਕਈ ਅਹੁਦਿਆਂ ‘ਤੇ ਬਣੇ ਰਹੇ ਅਤੇ ਉਹਨਾਂ ਨੇ ਦੋ ਵਾਰ ਪ੍ਰਧਾਨਗੀ ਦੀ ਚੋਣ ਵੀ ਜਿੱਤੀ। ਇਸਦੇ ਇਲਾਵਾ ਉਹ ਪਰੈਜ਼ੀਡੈਂਟ ਏਸ਼ੀਅਨ ਐਸੋ ਆਫ ਪੈਸੀਫਿਕ ਪਬਲਿਸ਼ਰਜ਼ ਤੇ ਭਾਰਤ ਸਰਕਾਰ ਦੀ ਸੰਸਥਾ ਕੈਮੀਕਲ ਐਂਡ ਅਲਾਈਡ ਪਰਾਡਕਟਸ ਐਕਸਪੋਰਟ ਪਰਮੋਸ਼ਨ ਦੇ ਵਾਈਸ ਚੈਅਰਮੈਨ ਵੀ ਰਹੇ। 

 

ਬੀਤੇ ਵਰ੍ਹੇ ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪਰਵਾਸੀ ਸਾਹਿਤਕਾਰ ਵਜੋਂ ਸਨਮਾਨਿਤ ਕਰਨ ਦਾ ਫ਼ੈਸਲਾ ਵੀ ਕੀਤਾ। ਇਸਦੇ ਇਲਾਵਾ ਉਹਨਾਂ ਨੂੰ ਦਿੱਲੀ ਸਰਕਾਰ ਵਲੋਂ ਸਰਵੋਤਮ ਕਹਾਣੀਕਾਰ ਵਜੋਂ ਅਤੇ ਫੈਡਰੇਸ਼ਨ ਆਫ ਪਬਲਿਸ਼ਰਜ਼ ਵੱਲੋਂ ਸਰਵੋਤਮ ਪ੍ਰਕਾਸ਼ਕ ਤੇ ਬੈਸਟ ਪਰਮੋਟਰ ਵਜੋਂ ਸਨਮਾਨਿਤ ਵੀ ਕੀਤਾ। ਉਹਨਾਂ ਦੇ ਸਦੀਵੀ ਵਿਛੋੜੇ ਉੱਪਰ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਯੂਕੇ, ਕੁਲਵੰਤ ਕੌਰ ਢਿੱਲੋਂ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ, ਬਲਵਿੰਦਰ ਸਿੰਘ ਚਾਹਲ, ਹਰਜਿੰਦਰ ਸਿੰਘ ਸੰਧੂ, ਨਛੱਤਰ ਭੋਗਲ, ਸੰਤੋਖ ਭੁੱਲਰ ਆਦਿ ਨੇ ਦੁੱਖ ਦਾ ਇਜ਼ਹਾਰ ਕਿਹਾ ਕਿ ਐੱਸ ਬਲਵੰਤ ਨੂੰ ਪੰਜਾਬੀ ਸਾਹਿਤਕ ਜਗਤ ਵਿੱਚ ਸਦਾ ਲਈ ਯਾਦ ਕੀਤਾ ਜਾਇਆ ਕਰੇਗਾ, ਕਿਉਂਕਿ ਉਹਨਾਂ ਦੀਆਂ ਪ੍ਰਾਪਤੀਆਂ ਦੀ ਲੜੀ ਬਹੁਤ ਲੰਮੀ ਹੈ।