India News

ਬੇਅਦਬੀ ਕਾਂਡ ਦੀ ਜਾਂਚ ’ਚ ਦੇਰੀ ਲਈ ਪਿਛਲੀ ਅਕਾਲੀ ਸਰਕਾਰ ਜ਼ਿੰਮੇਵਾਰ: ਕੈਪਟਨ

ਚੰਡੀਗੜ੍ਹ
ਪੰਜਾਬ ’ਚ ਆਉਂਦੀ 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫ਼ਗਵਾੜਾ ਤੇ ਮੁਕੇਰੀਆਂ ’ਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਕਾਰਨ ਸੂਬੇ ਦੀ ਸਿਆਸਤ ਇੱਕ ਵਾਰ ਫਿਰ ਭਖ ਚੱਲੀ ਹੈ। ਸਾਲ 2015 ਦੌਰਾਨ ਸੂਬੇ ’ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਉੱਤੇ ਚਰਚਾ ਚੋਣਾਂ ਦੀ ਸਿਆਸਤ ਕਾਰਨ ਇੱਕ ਵਾਰ ਫਿਰ ਹੋਣ ਲੱਗ ਪਈ ਹੈ। ਖ਼ਾਸ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਵਿੱਚ ਦੇਰੀ ਲਈ ਖ਼ੁਦ ਅਕਾਲੀ ਜ਼ਿੰਮੇਵਾਰ ਹਨ।
ਕੈਪਟਨ ਨੇ ਕਿਹਾ ਕਿ ਪਿਛਲੀ ਅਕਾਲੀ–ਭਾਜਪਾ ਸਰਕਾਰ ਨੇ ਜਾਣ–ਬੁੱਝ ਕੇ ਇਸ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ ਤੇ ਫਿਰ ਇਹ ਵੀ ਯਕੀਨੀ ਬਣਾਇਆ ਗਿਆ ਕਿ ਇਸ ਮਾਮਲੇ ਦੀ ਜਾਂਚ ਅੱਗੇ ਨਾ ਵਧੇ। ਅਖ਼ੀਰ ਉਨ੍ਹਾਂ ਕੇਂਦਰੀ ਜਾਂਚ ਬਿਊਰੋ (CBI) ਉੱਤੇ ਦਬਾਅ ਪਾ ਕੇ ਇਸ ਮਾਮਲੇ ਦੀ ਕਲੋਜ਼ਰ–ਰਿਪੋਰਟ ਤਿਆਰ ਕਰਵਾ ਲਈ ਤੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦਾ ਜਤਨ ਕੀਤਾ ਕਿ ਇਸ ਮਾਮਲੇ ਦੀ ਜਾਂਚ ਹੁਣ ਬੰਦ ਕੀਤੀ ਜਾ ਰਹੀ ਹੈ। ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਬਰਗਾੜੀ ਬੇਅਦਬੀ ਮਾਮਲੇ ਵਿੱਚ ਸੂਬਾ ਸਰਕਾਰ ਉੱਤੇ ਇਲਜ਼ਾਮ ਲਾ ਰਹੇ ਹਨ; ਉਹ ਅਸਲ ਵਿੱਚ ਵਿਰੋਧੀ ਧਿਰ ਦੇ ਹੱਥਾਂ ਦੇ ਮੋਹਰੇ ਬਣ ਕੇ ਖੇਡ ਰਹੇ ਹਨ।
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਬੇਅਦਬੀ ਕਾਂਡ ’ਚੋਂ ਬਰੀ ਕੀਤੇ ਜਾਣ ਵਾਲੇ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਾਅਦਾ ਕੀਤਾ ਸੀ ਕਿ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਜ਼ਾ ਮਿਲੇਗੀ; ਉਹ ਭਾਵੇਂ ਬਾਦਲ ਪਰਿਵਾਰ ਹੀ ਕਿਉਂ ਨਾ ਹੋਵੇ। ਪਰ ਕੀ ਹਾਲੇ ਤੱਕ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ‘ਹੁਣ ਮੈਂ ਐਂਵੇਂ ਜਾ ਕੇ ਤਾਂ ਕਿਸੇ ਨੂੰ ਜੇਲ੍ਹੀਂ ਨਹੀਂ ਡੱਕ ਸਕਦਾ। ਅਸੀਂ ਕਿਸੇ ਜੰਗਲ਼ ਰਾਜ ਵਿੱਚ ਤਾਂ ਰਹਿ ਨਹੀਂ ਰਹੇ।’