UK News

ਬੋਲਟਨ ‘ਚੋਂ ਲਾਪਤਾ ਹੋਈ 11 ਸਾਲਾ ਬੱਚੀ ਲੰਡਨ ‘ਚੋਂ ਮਿਲੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਮਾਨਚੈਸਟਰ ਦੇ ਬੋਲਟਨ ਵਿਚੋਂ ਪਿਛਲੇ ਦਿਨੀਂ ਲਾਪਤਾ ਹੋਈ ਇਕ 11 ਸਾਲਾ ਬੱਚੀ ਲੰਡਨ ‘ਚੋਂ ਮਿਲੀ ਹੈ। ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤੁਮਾ ਕਾਦਿਰ ਨਾਮ ਦੀ ਇਹ ਬੱਚੀ ਜੋ ਵੀਰਵਾਰ ਨੂੰ ਬੋਲਟਨ ਵਿਖੇ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ, ਸ਼ਨੀਵਾਰ ਨੂੰ ਲੰਡਨ ਵਿਚ ਮਿਲੀ ਹੈ। ਇਸ ਬੱਚੀ ਨੂੰ ਆਖ਼ਰੀ ਵਾਰ ਉਸ ਦੇ ਮਾਪਿਆਂ ਨੇ ਘਰ ‘ਚ ਵੇਖਿਆ ਸੀ ਪਰ 22 ਜੁਲਾਈ ਨੂੰ ਸ਼ਾਮ ਨੂੰ 7:30 ਵਜੇ ਦੇ ਕਰੀਬ ਉਸ ਬਾਰੇ ਕੁੱਝ ਪਤਾ ਨਹੀਂ ਚੱਲਿਆ ਪਰ ਹੁਣ ਮਾਨਚੇਸਟਰ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਫਤੁਮਾ ਨੂੰ ਲੱਭ ਲਿਆ ਗਿਆ ਹੈ ਅਤੇ ਉਹ ਸੁਰੱਖਿਅਤ ਹੈ।

 

ਪੁਲਸ ਵੱਲੋਂ ਬੱਚੀ ਨੂੰ ਉਸਦੇ ਮਾਪਿਆਂ ਨਾਲ ਮਿਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਫਾਤੁਮਾ ਨੇ ਆਪਣੇ ਜਾਣ ਦੀ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਸੀ ਅਤੇ ਅਧਿਕਾਰੀਆਂ ਨੇ ਰੇਲਵੇ ਸਟੇਸ਼ਨਾਂ ਤੋਂ ਲਈ ਗਈ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਬੱਚੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਬੱਚੀ ਨੂੰ ਇਕ ਆਦਮੀ ਅਤੇ ਔਰਤ ਨਾਲ ਦੇਖਿਆ ਗਿਆ ਸੀ। ਲਾਪਤਾ ਹੋਣ ਤੋਂ ਅਗਲੇ ਦਿਨ ਫਾਤੁਮਾ ਮਾਨਚੈਸਟਰ ਪਿਕਡਾਲੀ ਤੋਂ ਬਰਮਿੰਘਮ ਨਿਊ ਸਟ੍ਰੀਟ ਲਈ 9.27 ਵਜੇ ਰੇਲ ਗੱਡੀ ਵਿਚ ਸਵਾਰ ਹੋਈ ਅਤੇ ਬਾਅਦ ਵਿਚ 23 ਜੁਲਾਈ ਨੂੰ ਉਸ ਨੂੰ ਰਾਤ 11.10 ਵਜੇ ਲੰਡਨ ਈਸਟਨ ਜਾਣ ਵਾਲੀ ਰੇਲ ਗੱਡੀ ਵਿਚ ਸਵਾਰ ਦੇਖਿਆ ਗਿਆ। 23 ਜੁਲਾਈ ਨੂੰ ਤੜਕੇ 1.13 ਵਜੇ ਉਹ ਲੰਡਨ ਪਹੁੰਚੀ। ਉਸ ਤੋਂ ਬਾਅਦ ਉਸ ਨੂੰ ਤੜਕੇ 1.17 ਵਜੇ ਲੰਡਨ ਦੇ ਈਸਟਨ ਰੇਲਵੇ ਸਟੇਸ਼ਨ ‘ਤੇ ਇਕੱਲੇ ਹੀ ਈਵਰਸੋਲਟ ਸਟ੍ਰੀਟ ਤੋਂ ਈਸਟਨ ਰੋਡ ਵੱਲ ਨੂੰ ਵੇਖਿਆ ਗਿਆ।