World

ਬ੍ਰਿਟਿਸ਼ ਸਰਕਾਰ ਦਾ ਨਵਾਂ ਫਰਮਾਨ, ਬਾਲਗਾਂ ਦੀ ਹਫ਼ਤੇ ‘ਚ ਦੋ ਵਾਰ ਹੋਵੇਗੀ ਕੋਵਿਡ-19 ਜਾਂਚ

ਲੰਡਨ : ਬ੍ਰਿਟੇਨ ਦੀ ਸਰਕਾਰ ਨੇ ਬਿਨਾਂ ਲੱਛਣ ਵਾਲੇ ਕੋਵਿਡ-19 ਮਰੀਜ਼ਾਂ ਦਾ ਪਤਾ ਲਗਾਉਣ ਲਈ ਸੋਮਵਾਰ ਨੂੰ ਨਵੀਂ ਰਣਨੀਤੀ ਦੀ ਘੋਸ਼ਣਾ ਕੀਤੀ। ਸਰਕਾਰ ਮੁਤਾਬਕ ਇੰਗਲੈਂਡ ਵਿਚ ਰਹਿਣ ਵਾਲੇ ਸਾਰੇ ਲੋਕ ਸ਼ੁੱਕਰਵਾਰ ਤੋਂ ਹਫ਼ਤੇ ਵਿਚ ਦੋ ਵਾਰ ਮੁਫ਼ਤ, ਨਿਯਮਿਤ ਅਤੇ ਤੇਜ਼ ਕੋਵਿਡ-19 ਜਾਂਚ ਕਰਾ ਸਕਣਗੇ। 

ਕਾਰੋਬਾਰ, ਦੁਕਾਨਾਂ ਅਤੇ ਰੈਸਟੋਰੈਂਟਾਂ ਤੋਂ ਪਾਬੰਦੀਆਂ ਨੂੰ ਹਟਾਉਣ ਦੀ ਸ਼ੁਰੂਆਤ ਕਰਦਿਆਂ ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਕੋਈ ਵੀ ਸ਼ੁੱਕਰਵਾਰ ਤੋਂ ਹਫ਼ਤੇ ਵਿਚ ਦੋ ਵਾਰ ਖੁਦ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਕੋਵਿਡ-19 ਜਾਂਚ ਕਰਾ ਸਕਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਪਹਿਲ ਨਾਲ ਵਿਗਿਆਨੀਆਂ ਨੂੰ ਵੀ ਕਾਰਗਰ ਢੰਗ ਨਾਲ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ ਕਿਉਂਕਿ ਜ਼ਿਆਦਾ ਲੋਕਾਂ ਦੀ ਜਾਂਚ ਕਰਨ ਨਾਲ ਨਵੇਂ ਵਾਇਰਸ ਦੇ ਪ੍ਰਕਾਰ ਦਾ ਪਤਾ ਲਗਾਉਣ ਅਤੇ ਉਸ ‘ਤੇ ਕੰਟਰੋਲ ਕਰਨ ਦੀ ਸੰਭਾਵਨਾ ਵਧੇਗੀ। 

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ,”ਬ੍ਰਿਟਿਸ਼ ਜਨਤਾ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵੱਡੀ ਪਹਿਲ ਕਰਨੀ ਹੋਵੇਗੀ। ਕਿਉਂਕਿ ਅਸੀਂ ਟੀਕਾਕਰਨ ਪ੍ਰੋਗਰਾਮ ਵਿਚ ਚੰਗੀ ਤਰੱਕੀ ਕਰ ਰਹੇ ਹਾਂ ਅਤੇ ਸਫਲਤਾਪੂਰਵਕ ਪਾਬੰਦੀਆਂ ਨੂੰ ਹਟਾਉਣ ਦੀ ਕਾਰਜ ਯੋਜਨਾ ‘ਤੇ ਕੰਮ ਚੱਲ ਰਿਹਾ ਹੈ। ਅਜਿਹੇ ਵਿਚ ਨਿਯਮਿਤ ਜਾਂਚ ਹੋਰ ਮਹੱਤਵਪੂਰਨ ਹੈ ਅਤੇ ਇਸ ਨਾਲ ਯਕੀਨੀ ਹੋਵੇਗਾ ਕਿ ਸਾਡੀਆਂ ਕੋਸ਼ਿਸ਼ਾਂ ਬੇਕਾਰ ਨਾ ਜਾਣ।” ਉਹਨਾਂ ਨੇ ਕਿਹਾ,”ਇਸ ਲਈ ਅਸੀਂ ਪੂਰੇ ਇੰਗਲੈਂਡ ਵਿਚ ਸਾਰਿਆਂ ਲਈ ਹੁਣ ਮੁਫ਼ਤ ਰੈਪਿਡ ਜਾਂਚ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੋ ਮਹਾਮਾਰੀ ਨੂੰ ਰੋਕਣ ਅਤੇ ਉਸ ‘ਤੇ ਨਜ਼ਰ ਰੱਖਣ ਵਿਚ ਸਾਡੀ ਮਦਦ ਕਰੇਗੀ, ਜਿਸ ਨਾਲ ਅਸੀਂ ਆਪਣੇ ਪਿਆਰਿਆਂ ਨੂੰ ਦੇਖ ਸਕਾਂਗੇ ਅਤੇ ਉਹਨਾਂ ਕੰਮਾਂ ਦਾ ਆਨੰਦ ਮਾਣ ਸਕਾਂਗੇ ਜੋ ਅਸੀਂ ਕਰਨਾ ਚਾਹੁੰਦੇ ਹਾਂ।” 

ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਹੁਣ ਤੱਕ ਮੁਫ਼ਤ ਰੈਪਿਡ ਕੋਵਿਡ-19 ਜਾਂਚ ਦੀ ਸਹੂਲਤ ਸਿਰਫ ਉਹਨਾਂ ਲੋਕਾਂ ਨੂੰ ਉਪਲਬਧ ਸੀ ਜਿਹਨਾਂ ਨੂੰ ਸਭ ਤੋਂ ਵੱਧ ਖਤਰਾ ਹੈ ਜਾਂ ਜਿਹੜੇ ਕੰਮ ਲਈ ਘਰੋਂ ਨਿਕਲਦੇ ਹਨ, ਜਿਹਨਾਂ ਵਿਚ ਰਾਸ਼ਟਰੀ ਸਿਹਤ ਸੇਵਾ ਕਰਮੀ, ਨਰਸ ਆਦਿ ਸ਼ਾਮਲ ਹਨ।