UK News

ਬ੍ਰਿਟਿਸ਼ ਸਿਹਤ ਮੰਤਰੀ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਲੋਕ, ਕੀਤੀ ਗ੍ਰਿਫ਼ਤਾਰੀ ਦੀ ਮੰਗ

ਲੰਡਨ : ਮਹਾਮਾਰੀ ਦੌਰਾਨ ਲਾਗੂ ਨਿਯਮਾਂ ਦੀ ਉਲੰਘਣਾ ਕਰ ਕੇ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੂੰ ਆਪਣੀ ਸਹਿਯੋਗੀ ਨਾਲ ਅਫੇਅਰ ਕਰਨਾ ਅਤੇ ਉਸ ਦੇ ਕਰੀਬ ਜਾਣਾ ਮਹਿੰਗਾ ਪੈ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਹੈਨਕਾਕ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਅਸਲ ਵਿਚ ਹੈਨਕਾਕ ਵੱਲੋਂ ਕੋਵਿਡ-19 ਨਿਯਮ ਤੋੜਨ ‘ਤੇ ਦੇਸ਼ ਭਰ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਰੀਬ 30 ਹਜ਼ਾਰ ਲੋਕ ਸੜਕਾਂ ‘ਤੇ ਹਨ। 

ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੇਸ਼ ਨੂੰ ਧੋਖਾ ਦਿੱਤਾ ਹੈ। ਇਸ ਲਈ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮਾਮਲੇ ਵਿਚ ਪੁਲਸ 10 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕਰ ਚੁੱਕੀ ਹੈ। ਉੱਥੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭੇਜੇ ਅਸਤੀਫੇ ਵਿਚ ਹੈਨਕਾਕ ਨੇ ਲਿਖਿਆ,”ਮਹਾਮਰੀ ਵਿਚ ਲੋਕਾਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਦੇਖਦੇ ਹੋਏ ਜੇਕਰ ਅਸੀਂ ਉਹਨਾਂ ਨਾਲ ਕੁਝ ਗਲਤ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਈਮਾਨਦਾਰ ਰਹੀਏ।” 42 ਸਾਲਾ ਹੈਨਕਾਕ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ। ਆਪਣੀ ਪਤਨੀ ਮਾਰਥਾ ਤੋਂ ਉਹਨਾਂ ਦੇ 3 ਬੱਚੇ ਹਨ। 

ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਹੈਨਕਾਕ ਦਾ ਅਸਤੀਫਾ ਸਵੀਕਾਰ ਕਰ ਲਿਆ। ਨਾਲ ਹੀ ਜਵਾਬ ਵਿਚ ਇਕ ਪੱਤਰ ਭੇਜਿਆ। ਜਾਨਸਨ ਨੇ ਪੱਤਰ ਵਿਚ ਲਿਖਿਆ,”ਤੁਹਾਨੂੰ ਆਪਣੀ ਸੇਵਾ ‘ਤੇ ਬਹੁਤ ਜ਼ਿਆਦਾ ਮਾਣ ਹੋਣਾ ਚਾਹੀਦਾ ਹੈ। ਮੈਂ ਤੁਹਾਡੇ ਸਮਰਥਨ ਲਈ ਧੰਨਵਾਦੀ ਹਾਂ। ਮੈਂ ਇਹ ਮੰਨਦਾ ਹਾਂ ਕਿ ਜਨਤਕ ਸੇਵਾ ਵਿਚ ਤੁਹਾਡਾ ਯੋਗਦਾਨ ਖ਼ਤਮ ਨਹੀਂ ਹੋਇਆ ਹੈ।”