India News UK News

ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਭਾਰਤੀ ਮੂਲ ਦੇ ਕੋਵਿਡ-19 ਪੇਸ਼ੇਵਰਾਂ ਨੂੰ ਕੀਤਾ ਜਾਵੇਗਾ ਸਨਮਾਨਤ

ਲੰਡਨ  : ਬ੍ਰਿਟੇਨ ਦੀ ਮਹਾਰਾਣੀ ਦੇ ਜਨਮਦਿਨ ’ਤੇ ਸਨਮਾਨਿਤ ਹੋਣ ਵਾਲਿਆਂ ਦੀ ਸੂਚੀ ਵਿਚ ਕੋਵਿਡ-19 ਟੀਕੇ ਦੇ ਪ੍ਰੀਖਣ ਦੌਰਾਨ ਸ਼ਾਮਲ ਭਾਰਤੀ ਮੂਲ ਦੇ ਸਿਹਤ ਮਾਹਰਾਂ ਅਤੇ ਭਾਈਚਾਰੇ ਦੇ ਮਦਦ ਕਰਨ ਵਾਲੇ ਪੇਸ਼ੇਵਰਾਂ ਦੇ ਨਾਮ ਸ਼ਾਮਲ ਹਨ। ਇਹ ਸੂਚੀ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੀ ਗਈ। ਕੋਲਕਾਤਾ ਵਿਚ ਜੰਮੀ ਦਿਵਿਆ ਚੱਢਾ ਮਾਨੇਕ ਨੂੰ ਟੀਕੇ ਦੇ ਖੇਤਰ ਵਿਚ ਖੋਜ, ਵਿਕਾਸ ਅਤੇ ਇਸਦੇ ਬਾਅਦ ਕਲੀਨਿਕਲ ਟ੍ਰਾਇਲ ਵਿਚ ਭੂਮਿਕਾ ਅਤੇ ਮਹਾਮਾਰੀ ਦੌਰਾਨ ਸੇਵਾਵਾਂ ਲਈ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ (ਓ.ਬੀ.ਆਈ.) ਨਾਲ ਸਨਮਾਨਿਤ ਕੀਤਾ ਗਿਆ ਹੈ।

 

ਮਾਨੇਕ ਮੌਜੂਦਾ ਸਮੇਂ ਵਿਚ ਬ੍ਰਿਟਿਸ਼ ਸਰਕਾਰ ਦੀ ਰਾਸ਼ਟਰੀ ਸਿਹਤ ਖੋਜ ਸੰਸਥਾ (ਐਨ.ਆਈ.ਐਚ.ਆਰ.) ਕਲੀਨਿਕਲ ਰਿਸਰਚ ਨੈਟਵਰਕ ਵਿਚ ਬਿਜਨੈਸ ਡਿਵੈਲਪਮੈਂਟ ਅਤੇ ਮਾਰਕੀਟਿੰਗ ਦੀ ਨਿਰਦੇਸ਼ਕ ਹੈ। ਮਾਕੇਕ ਛੋਟੀ ਉਮਰੇ ਹੀ ਬ੍ਰਿਟੇਨ ਆ ਗਈ ਸੀ। ਉਨ੍ਹਾਂ ਕਿਹਾ, ‘ਇਹ ਸਨਮਾਨ ਨਾ ਸਿਰਫ਼ ਮੈਨੂੰ ਸਗੋਂ ਬ੍ਰਿਟੇਨ ਵਿਚ ਟੀਕੇ ਦੀ ਖੋਜ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮਾਨਤਾ ਦਿੰਦਾ ਹੈ। ਜਦੋਂ ਮੈਂ ਭਾਰਤ ਤੋਂ ਬ੍ਰਿਟੇਨ ਆਈ ਸੀ, ਉਦੋਂ ਮੈਂ 18 ਸਾਲ ਦੀ ਸੀ। ਮੇਰੇ ਪਿਤਾ ਨੇ ਜਹਾਜ਼ ਦੀ ਟਿਕਟ ਅਤੇ 500 ਪੌਂਡ ਦਿੱਤੇ ਸਨ ਅਤੇ ਕਿਹਾ ਸੀ: ‘ਚੰਗੇ ਬਣੇ ਰਹੋ, ਚੰਗਾ ਕਰੋ ਅਤੇ ਕੁੱਝ ਬੇਮਿਸਾਲ ਕਰੋ, ਤਾਂ ਜੋ ਤੁਸੀਂ ਮਹਾਰਾਣੀ ਨੂੰ ਮਿਲ ਸਕੋ।’ ਪਿਛਲੇ ਸਾਲ ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ ਪਰ ਇਹ ਸਨਮਾਨਸੱਚ ਵਿਚ ਅਜਿਹਾ ਅਹਿਸਾਸ ਦਿਵਾਉਂਦਾ ਹੈ, ਜਿਵੇਂ ਮੈਂ ਉਨ੍ਹਾਂ ਵੱਲੋਂ ਸੱਚੀ ਵਿਚ ਕੁੱਝ ਚੰਗਾ ਕੀਤਾ ਹੋਵੇ। ਇਸ ਸਨਮਾਨ ਲਈ ਬਹੁਤ-ਬਹੁਤ ਧੰਨਵਾਦ।’

 

ਮਾਨੇਕ ਦੇ ਇਲਾਵਾ ਆਕਸਫੋਰਡ ਯੂਨੀਵਰਸਿਟੀ ਦੀ ਚਾਈਲਡ ਇੰਫੈਕਸ਼ਨ ਸਪੈਸ਼ਲਿਸਟ ਪ੍ਰੋਫ਼ੈਸਰ ਐਂਡ੍ਰਿਊ ਪੋਲਾਰਡ ਨੂੰ ਖ਼ਾਸ ਕਰਕੇ ਕੇ ਕੋਵਿਡ-19 ਦੌਰਾਨ ਜਨਤਕ ਸਿਹਤ ਸੇਵਾ ਅਤੇ ਆਕਸਫੋਰਡ ਟੀਕਾ ਸਮੂਹ ਦੇ ਨਿਰਦੇਸ਼ਕ ਦੇ ਤੌਰ ’ਤੇ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਦੇ ਵਿਕਾਸ ਵਿਚ ਭੂਮਿਕਾ ਲਈ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਣੀ ਦੇ ਜਨਮਦਿਨ ’ਤੇ ਸਨਮਾਨਿਤ ਕੀਤੇ ਜਾਣ ਵਾਲਿਆਂ ਦੀ ਸੂਚੀ ਹਰ ਸਾਲ ਜਾਰੀ ਕੀਤੀ ਜਾਂਦੀ ਹੈ। ਸਨਮਾਨਿਤ ਹੋਣ ਵਾਲੇ ਵਿਅਕਤੀਆਂ ਦੀ 2021 ਦੀ ਸੂਚੀ ਵਿਚ ਸ਼ਾਮਲ ਹੋਰ 30 ਤੋਂ ਜ਼ਿਆਦਾ ਭਾਰਤੀਆਂ ਵਿਚ ਓ.ਬੀ.ਆਈ. ਸ਼੍ਰੇਣੀ ਵਿਚ ਜਸਵਿੰਦਰ ਸਿੰਘ ਰਾਏ, ਮੈਂਬਰਸ ਆਫ ਦਿ ਬ੍ਰਿਟਿਸ਼ ਐਂਪਾਇਰ (ਐਮ.ਬੀ.ਆਈ.) ਦੀ ਸ਼੍ਰੇਣੀ ਵਿਚ ਦੇਵਿਨਾ ਬੈਨਰਜੀ, ਅਨੂਪ ਜੀਵਨ ਚੌਹਾਨ, ਡਾ. ਅਨੰਦਕ੍ਰਿਸ਼ਣਨ ਰਘੁਰਾਮ ਦੇ ਨਾਮ ਸ਼ਾਮਲ ਹਨ।