World

ਬ੍ਰਿਟੇਨ ਨੇ ਠੁਕਰਾਈ ਭਾਰਤ ਦੀ ਮੰਗ, ਕਿਹਾ- ਖਾਲਿਸਤਾਨ ਹਮਾਇਤ ਵਾਲੀ ਰੈਲੀ ‘ਤੇ ਰੋਕ ਨਹੀਂ

ਲੰਡਨ— ਲੰਡਨ ‘ਚ 12 ਅਗਸਤ 2018 ਨੂੰ ਹੋ ਰਹੀ ਖਾਲਿਸਤਾਨ ਹਮਾਇਤ ਵਾਲੀ ਰੈਲੀ ‘ਤੇ ਰੋਕ ਲਾਉਣ ਦੀ ਭਾਰਤ ਸਰਕਾਰ ਦੀ ਬੇਨਤੀ ਨੂੰ ਬ੍ਰਿਟੇਨ ਨੇ ਠੁਕਰਾ ਦਿੱਤਾ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਦੇ ਇਕ ਅਫਸਰ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਅਤੇ ਅਹਿੰਸਕ ਪ੍ਰਦਰਸ਼ਨਾਂ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਜਾਵੇਗੀ। ਖਾਲਿਸਤਾਨ ਦੀ ਮੰਗ ਨੂੰ ਲੈ ਕੇ ਲੰਡਨ ‘ਚ 2020 ਵਿਚ ਰਾਇਸ਼ੁਮਾਰੀ ਹੋਣੀ ਹੈ। ਇੱਥੇ ਦੱਸ ਦੇਈਏ ਕਿ ਲੰਡਨ ਦੇ ਟਰੈਫਾਲਗਰ ਸਕੁਆਇਰ ‘ਚ ਅਮਰੀਕੀ ਸਮੂਹ ‘ਸਿੱਖਸ ਫਾਰ ਜਸਟਿਸ’ ਇਹ ਰੈਲੀ ਕਰਨ ਵਾਲਾ ਹੈ।

ਵੱਡੀ ਗੱਲ ਇਹ ਹੈ ਕਿ ਇਸ ਰੈਲੀ ਦੇ ਆਯੋਜਕਾਂ ਵਿਚ ਬਰਮਿੰਘਮ ਦਾ ਪਰਮਜੀਤ ਸਿੰਘ ਪੰਮਾ ਵੀ ਹੈ, ਜੋ ਕਿ ਸਾਲ 2010 ‘ਚ ਪਟਿਆਲਾ ਅਤੇ ਅੰਬਾਲਾ ਵਿਚ ਹੋਏ ਧਮਾਕਿਆਂ ‘ਚ ਭਾਰਤ ‘ਚ ਲੋੜੀਂਦਾ (ਵਾਂਟੇਡ) ਹੈ। ਪੰਮਾ 2009 ਵਿਚ ਰਾਸ਼ਟਰੀ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਕਤਲ ਕਰਨ ਦਾ ਸਾਜ਼ਿਸ਼ਕਰਤਾ ਹੈ। ਪੰਮਾ ਨੂੰ ਬ੍ਰਿਟੇਨ ਨੇ 2000 ‘ਚ ਪਨਾਹ ਦਿੱਤੀ ਸੀ ਅਤੇ ਉਹ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ। ਉਸ ਦਾ ਦਾਅਵਾ ਹੈ ਕਿ ਇਸ ਹਫਤੇ ਟਰੈਫਾਲਗਰ ਸਕੁਆਇਰ ‘ਤੇ ਆਯੋਜਿਤ ਹੋਣ ਵਾਲੀ ਰੈਲੀ ‘ਚ 10,000 ਸਿੱਖਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਬ੍ਰਿਟਿਸ਼ ਵਿਦੇਸ਼ ਵਿਭਾਗ ਤੋਂ ਇਸ ਰੈਲੀ ਨੂੰ ਇਜਾਜ਼ਤ ਨਾ ਦੇਣ ਦੀ ਅਪੀਲ ਕੀਤੀ ਸੀ ਪਰ ਬ੍ਰਿਟਿਸ਼ ਸਰਕਾਰ ਨੇ ਇਹ ਕਹਿੰਦੇ ਹੋਏ ਅਪੀਲ ਠੁਕਰਾ ਦਿੱਤੀ ਕਿ ਉਨ੍ਹਾਂ ਦੇ ਦੇਸ਼ ਦੇ ਨਾਗਰਿਕਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਇਕੱਠਾ ਹੋਣ ਅਤੇ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ। ਓਧਰ ਰੈਲੀ ਦਾ ਆਯੋਜਨ ਕਰਨ ਵਾਲੇ ਸਿੱਖ ਫਾਰ ਜਸਟਿਸ ਨੇ ਕਿਹਾ ਕਿ ਰੈਫਰੈਂਡਮ 2020 ਪੂਰੀ ਦੁਨੀਆ ਵਿਚ ਰਹਿਣ ਵਾਲੇ 3 ਕਰੋੜ ਸਿੱਖਾਂ ਵਿਚਾਲੇ ਵੱਖਰੇ ਤਰ੍ਹਾਂ ਦਾ ਪ੍ਰਯੋਗ ਹੋਵੇਗਾ।

ਆਓ ਜਾਣਦੇ ਹਾਂ ਜ਼ਮੀਨੀ ਪੱਧਰ ‘ਤੇ ਇਸ ਰੈਫਰੈਂਡਮ ਨੂੰ ਲੈ ਕੇ ਕੀ ਹੋਇਆ—
ਸੂਤਰਾਂ ਮੁਤਾਬਕ ਰੈਫਰੈਂਡਮ 2020 ‘ਚ ਪਾਕਿਸਤਾਨ ਦਾ ਵੀ ਹੱਥ ਹੈ ਅਤੇ ਉਹ ਇਸ ਲਈ ਫੰਡਿੰਗ ਕਰ ਰਿਹਾ ਹੈ। ਜਦੋਂ ਸਿੱਖ ਜੱਥੇ ਪਾਕਿਸਤਾਨ ਗਏ ਸਨ ਤਾਂ ਉਦੋਂ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਖੇ ਰੈਫਰੈਂਡਮ 2020 ਦੇ ਪੋਸਟਰ ਦਿਖਾਈ ਦਿੱਤੇ ਸਨ।
— ਰੈਫਰੈਂਡਮ 2020 ਦੇ ਪੋਸਟਰ ਪੰਜਾਬ ਦੇ ਕੁਝ ਸ਼ਹਿਰਾਂ ਅਤੇ ਜ਼ਿਲਿਆਂ ‘ਚ ਵੀ ਦਿਖਾਈ ਦਿੱਤੇ ਸਨ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੱਛੇ ਆਈ. ਐੱਸ. ਆਈ. ਅਤੇ ਸਿੱਖਸ ਫਾਰ ਜਸਟਿਸ ਨੇ ਫੰਡਿੰਗ ਕੀਤੀ। ਇਨ੍ਹਾਂ ਦੇ ਨਾਂ ਮੋਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਬਰਨਾਲਾ, ਗੁਰਦਾਸਪੁਰ, ਮੋਗਾ, ਪਟਿਆਲਾ, ਤਰਨਤਾਰਨ, ਅੰਮ੍ਰਿਤਸਰ ਤੇ ਹੋਰ ਪਿੰਡ ਹਨ।
—ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ ਅਤੇ ਯੂਰਪ ਤਕ ਇਹ ਮੁੱਦਾ ਪੁੱਜਾ ਹੈ।
— ਮਈ ਮਹੀਨੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਸਿੱਖਸ ਫਾਰ ਜਸਟਿਸ ਵਲੋਂ ਧਮਕੀ ਮਿਲੀ ਸੀ।