World

ਬ੍ਰਿਟੇਨ ਵਿਚ ਭਾਰਤੀ ਡਾਕਟਰ ਨੂੰ ਆਪਣੀ ਆਨਲਾਈਨ ਟਿੱਪਣੀ ਕਾਰਨ ਦੇਣਾ ਪਿਆ ਅਸਤੀਫਾ

ਲੰਡਨ – ਬ੍ਰਿਟੇਨ ਦੀ ਸਰਕਾਰੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਦੇ ਸਭ ਤੋਂ ਸੀਨੀਅਰ ਡਾਕਟਰਾਂ ਵਿਚੋਂ ਇਕ ਅਰਵਿੰਦ ਮਦਾਨ ਨੂੰ ਉਸ ਵੇਲੇ ਅਸਤੀਫਾ ਦੇਣਾ ਪਿਆ, ਜਦੋਂ ਉਨ੍ਹਾਂ ਨੇ ਪੂਰੇ ਦੇਸ਼ ਵਿਚ ਛੋਟੇ ਪੱਧਰ ‘ਤੇ ਹੋਣ ਵਾਲੀ ਆਮ ਸਰਜਰੀ ਬੰਦ ਹੋਣ ‘ਤੇ ਆਪਣੀ ਇਕ ਵਿਵਾਦਤ ਆਨਲਾਈਨ ਟਿੱਪਣੀ ਕੀਤੀ।

ਭਾਰਤੀ ਮੂਲ ਦੇ ਡਾਕਟਰ ਦੀ ਉਪ ਨਾਂ ਨਾਲ ਕੀਤੀ ਗਈ ਇਕ ਆਨਲਾਈਨ ਟਿੱਪਣੀ ‘ਤੇ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਦੀ ਆਨਲਾਈਨ ਪੋਸਟ ਨੂੰ ਲੈ ਕੇ ਸਾਥੀ ਡਾਕਟਰਾਂ ਨੇ ਵੀ ਵਿਰੋਧ ਜਤਾਇਆ ਸੀ।ਡਾਕਟਰ ਅਰਵਿੰਦ ਐਨ.ਐਚ.ਐਸ. ਇੰਗਲੈਂਡ ਦੇ ਪ੍ਰਾਇਮਰੀ ਕੇਅਰ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਸਨ। ਡਾਕਟਰੀ ਜਨਰਲ ਪਲਸ ਟੁਡੇ ਦੀ ਵੈਬਸਾਈਟ ‘ਤੇ ਡੇਵਿਲਸ ਐਡਵੋਕੇਟ ਦੇ ਉਪ ਨਾਂ ਨਾਲ ਕਈ ਸਾਲਾਂ ਤੋਂ ਲਿਖ ਰਹੇ ਮਦਾਨ ਅਕਸਰ ਐਨ.ਐਚ.ਐਸ. ਇੰਗਲੈਂਡ ਦੀਆਂ ਨੀਤੀਆਂ ਦੇ ਪੱਖ ਵਿਚ ਬੋਲਦੇ ਰਹੇ ਹਨ।

ਮੈਗਜ਼ੀਨ ਦੇ ਪਾਠਕਾਂ ਨੂੰ ਉਸ ਵੇਲੇ ਉਨ੍ਹਾਂ ਦੀ ਅਸਲੀ ਪਛਾਣ ਬਾਰੇ ਪਤਾ ਲੱਗਾ, ਜਦੋਂ ਉਨ੍ਹਾਂ ਨੇ ਡੇਵਿਲਸ ਐਡਵੋਕੇਟ ਉਪ ਨਾਂ ਨਾਲ ਲਿਖੇ ਆਪਣੇ ਲੇਖ ‘ਤੇ ਆਪਣੇ ਅਸਲੀ ਨਾਂ ਤੋਂ ਸਪੱਸ਼ਟੀਕਰਨ ਦੇ ਦਿੱਤੇ। ਉਨ੍ਹਾਂ ਨੇ ਐਤਵਾਰ ਨੂੰ ਮੰਨਿਆ ਕਿ ਉਹ ਉਪ ਨਾਂ ਨਾਲ ਪਲਸ ਟੁਡੇ ਵੈਬਸਾਈਟ ‘ਤੇ ਭੜਕਾਊ ਟਿੱਪਣੀ ਕਰਦੇ ਸਨ। ਉਨ੍ਹਾਂ ਨੇ ਆਪਣੇ ਅਸਤੀਫੇ ਵਿਚ ਸਹਿਯੋਗੀਆਂ ਦਾ ਭਰੋਸਾ ਤੋੜਣ ਲਈ ਉਨ੍ਹਾਂ ਤੋਂ ਮੁਆਫੀ ਮੰਗੀ।